ਜੈਪੁਰ/ਨਵੀਂ ਦਿੱਲੀ, 13 ਜੁਲਾਈ
ਰਾਜਸਥਾਨ ਵਿੱਚ ਜਾਰੀ ਸੱਤਾ ਦੇ ਸੰਘਰਸ਼ ਦਰਮਿਆਨ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਜਿੱਥੇ 109 ਵਿਧਾਇਕਾਂ ਦੀ ਹਮਾਇਤ ਦਾ ਦਾਅਵਾ ਕੀਤਾ ਹੈ, ਉਥੇ ਕਾਂਗਰਸ ਹਾਈ ਕਮਾਨ ਨੇ ਜੈਪੁਰ ਵਿੱਚ ਪਾਰਟੀ ਵਿਧਾਇਕ ਦਲ ਦੀ ਮੀਟਿੰਗ ਤੋਂ ਐਨ ਪਹਿਲਾਂ ਊਪ ਮੁੱਖ ਮੰਤਰੀ ਸਚਿਨ ਪਾਇਲਟ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਸੀਨੀਅਰ ਕਾਂਗਰਸ ਆਗੂ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਉਪ ਮੁੱਖ ਮੰਤਰੀ ਸਚਿਨ ਪਾਇਲਟ ਤੇ ਉਨ੍ਹਾਂ ਦੇ ਵਿਧਾਇਕਾਂ ਲਈ ਪਾਰਟੀ ਦੇ ਦਰ ਅਜੇ ਵੀ ਖੁੱਲ੍ਹੇ ਹਨ। ਸੁਰਜੇਵਾਲਾ ਨੇ ਕਿਹਾ, ‘ਅਸੀਂ ਪਾਇਲਟ ਤੇ ਉਨ੍ਹਾਂ ਦੇ ਵਿਧਾਇਕਾਂ ਲਈ ਆਪਣੇ ਦਰ ਖੁੱਲ੍ਹੇ ਰੱਖੇ ਹਨ। ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਸੰਕਟ ਨੂੰ ਹੱਲ ਕਰਨ ਦੇ ਹਾਮੀ ਹਨ।’ ਸੁਰਜੇਵਾਲਾ ਨੇ ਕਿਹਾ ਕਿ ਪਾਇਲਟ ਕਾਂਗਰਸ ਦੇ ਪਰਿਵਾਰਕ ਮੈਂਬਰ ਹਨ ਤੇ ਉਨ੍ਹਾਂ ਨੂੰ ਘਰ ਵਾਪਸ ਮੁੜ ਆਉਣਾ ਚਾਹੀਦਾ ਹੈ। ਜੇਕਰ ਕੋਈ ਗਿਲੇ ਸ਼ਿਕਵੇ ਹਨ ਤਾਂ ਅਸੀਂ ਉਨ੍ਹਾਂ ਨੂੰ ਦੂਰ ਕਰ ਲਵਾਂਗੇ। ਉਂਜ ਗਹਿਲੋਤ ਵੱਲੋਂ ਆਪਣੀ ਸਰਕਾਰੀ ਰਿਹਾਇਸ਼ ’ਤੇ ਸੱਦੀ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵਿੱਚ 97 ਵਿਧਾਇਕ ਮੌਜੂਦ ਹਨ। ਗਹਿਲੋਤ ਨੇ ਰਾਤ ਢਾਈ ਵਜੇ ਦੇ ਕਰੀਬ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਵਿਧਾਇਕ ਦਲ ਦੀ ਮੀਟਿੰਗ ਲਈ ਵ੍ਹਿਪ ਜਾਰੀ ਕਰਦਿਆਂ ਸਾਰੇ ਵਿਧਾਇਕਾਂ ਨੂੰ ਸ਼ਾਮਲ ਹੋਣ ਦੀ ਤਾਕੀਦ ਕੀਤੀ ਸੀ। ਉਧਰ ਗਹਿਲੋਤ ਖ਼ਿਲਾਫ਼ ਖੁੱਲ੍ਹੀ ਬਗ਼ਾਵਤ ਦਾ ਝੰਡਾ ਬੁਲੰਦ ਕਰਨ ਵਾਲੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਕੁਝ ਸੁਰ ਨਰਮ ਕਰਦਿਆਂ ਸਾਫ਼ ਕਰ ਦਿੱਤਾ ਕਿ ਉਹ ਭਾਜਪਾ ਵਿੱਚ ਸ਼ਾਮਲ ਨਹੀਂ ਹੋਣਗੇ। ਪਾਇਲਟ ਨੇ ਐਤਵਾਰ ਨੂੰ 30 ਤੋਂ ਵੱਧ ਵਿਧਾਇਕਾਂ ਦੀ ਹਮਾਇਤ ਦਾ ਦਾਅਵਾ ਕਰਦਿਆਂ ਅਸ਼ੋਕ ਗਹਿਲੋਤ ਸਰਕਾਰ ਨੂੰ ਘੱਟਗਿਣਤੀ ਦੱਸਿਆ ਸੀ। ਪਾਇਲਟ ਨੇ ਸਾਫ਼ ਕਰ ਦਿੱਤਾ ਕਿ ਉਹ ਵਿਧਾਇਕ ਦਲ ਦੀ ਮੀਟਿੰਗ ’ਚ ਸ਼ਾਮਲ ਨਹੀਂ ਹੋਣਗੇ। ਪਾਇਲਟ ਨੇ ਕਿਹਾ ਕਿ ਵਿਧਾਨ ਸਭਾ ਦਾ ਸੈਸ਼ਨ ਚਲਦਾ ਨਾ ਹੋਣ ਕਰਕੇ ਪਾਰਟੀ ਵੱਲੋਂ ਜਾਰੀ ਵ੍ਹਿਪ ਬੇਮਾਇਨੇ ਹੈ।