ਜੈਪੁਰ, 31 ਜੁਲਾਈ
ਰਾਜਸਥਾਨ ’ਚ ਚੱਲ ਰਹੇ ਸਿਆਸੀ ਦੰਗਲ ਵਿਚਾਲੇ ਅੱਜ ਕਾਂਗਰਸ ਤੇ ਉਨ੍ਹਾਂ ਦੀਆਂ ਹਮਾਇਤੀ ਪਾਰਟੀਆਂ ਦੇ ਵਿਧਾਇਕ ਚਾਰਟਰਡ ਜਹਾਜ਼ਾਂ ਰਾਹੀਂ ਜੈਪੁਰ ਤੋਂ ਜੈਸਲਮੇਰ ਚਲੇ ਗਏ ਹਨ।
ਪਾਰਟੀ ਸੂਤਰਾਂ ਅਨੁਸਾਰ ਵਿਧਾਇਕ ਚਾਰਟਰਡ ਜਹਾਜ਼ਾਂ ਰਾਹੀਂ ਜੈਸਲਮੇਰ ਚਲੇ ਗਏ ਹਨ। ਮੁੱਖ ਮੰਤਰੀ ਅਸ਼ੋਕ ਗਹਿਲੋਤ, ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਵਿਨਾਸ਼ ਪਾਂਡੇ ਤੇ ਪਾਰਟੀ ਦੇ ਕੌਮੀ ਬੁਲਾਰੇ ਰਣਦੀਪ ਸੁਰਜੇਵਾਲਾ ਵੀ ਜੈਸਲਮੇਰ ਪਹੁੰਚ ਗਏ ਹਨ।
13 ਜੁਲਾਈ ਤੋਂ ਜੈਪੁਰ-ਦਿੱਲੀ ਕੌਮੀ ਮਾਰਗ ’ਤੇ ਸਥਿਤ ਇੱਕ ਹੋਟਲ ’ਚ ਠਹਿਰੇ ਇਨ੍ਹਾਂ ਵਿਧਾਇਕਾਂ ਨੂੰ ਲਗਜ਼ਰੀ ਬੱਸਾਂ ਰਾਹੀਂ ਹਵਾਈ ਅੱਡੇ ’ਤੇ ਲਿਜਾਇਆ ਗਿਆ। ਕਾਂਗਰਸ ਵਿਧਾਇਕ ਪ੍ਰਸ਼ਾਂਤ ਬੈਰਵਾ ਨੇ ਕਿਹਾ ਕਿ ਉਹ ਸਾਰੇ ਇੱਕੋ ਹੀ ਥਾਂ ’ਤੇ ਰੁਕੇ-ਰੁਕੇ ਪ੍ਰੇਸ਼ਾਨ ਹੋ ਗਏ ਹਨ। ਇਸ ਲਈ ਉਹ ਦੂਜੀ ਥਾਂ ਜਾ ਰਹੇ ਹਨ। ਟਰਾਂਸਪੋਰਟ ਮੰਤਰੀ ਪ੍ਰਤਾਪ ਸਿੰਘ ਨੇ ਕਿਹਾ ਕਿ ਇਨ੍ਹਾਂ ਵਿਧਾਇਕਾਂ ਨੂੰ ਇੱਥੋਂ ਦੇ ਸੂਰਿਆਗੜ੍ਹ ਹੋਟਲ ’ਚ ਠਹਿਰਾਇਆ ਗਿਆ ਹੈ।
-ਪੀਟੀਆਈ
ਹੁਣ ਕਾਂਗਰਸ ਚੀਫ਼ ਵ੍ਹਿਪ ਸੁਪਰੀਮ ਕੋਰਟ ਪੁੱਜਿਆ
ਨਵੀਂ ਦਿੱਲੀ: ਰਾਜਸਥਾਨ ਕਾਂਗਰਸ ਦੇ ਚੀਫ਼ ਵ੍ਹਿਪ ਮਹੇਸ਼ ਜੋਸ਼ੀ ਨੇ ਰਾਜਸਥਾਨ ਹਾਈ ਕੋਰਟ ਵੱਲੋਂ ਸਚਿਨ ਪਾਇਲਟ ਅਤੇ 18 ਹੋਰ ਬਾਗ਼ੀ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਸਬੰਧੀ ਨੋਟਿਸਾਂ ’ਤੇ ਦਿੱਤੇ ਹੁਕਮਾਂ ਖਿਲਾਫ਼ ਅੱਜ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ। ਦੋ ਦਿਨ ਪਹਿਲਾਂ ਰਾਜਸਥਾਨ ਵਿਧਾਨ ਸਭਾ ਦੇ ਸਪੀਕਰ ਸੀ ਪੀ ਜੋਸ਼ੀ ਨੇ ਵੀ ਹਾਈ ਕੋਰਟ ਦੇ ਹੁਕਮਾਂ ਖਿਲਾਫ਼ ਸੁਪਰੀਮ ਕੋਰਟ ’ਚ ਅਪੀਲ ਦਾਖ਼ਲ ਕੀਤੀ ਸੀ। ਮਹੇਸ਼ ਜੋਸ਼ੀ ਨੇ ਅਰਜ਼ੀ ’ਚ ਕਿਹਾ ਹੈ ਕਿ ਹਾਈ ਕੋਰਟ ਦਾ ਹੁਕਮ ਗ਼ੈਰਸੰਵਿਧਾਨਕ, ਗ਼ੈਰਕਾਨੂੰਨੀ ਅਤੇ ਸੁਪਰੀਮ ਕੋਰਟ ਵੱਲੋਂ 1992 ’ਚ ਸੁਣਾਏ ਗਏ ਇਕ ਫ਼ੈਸਲੇ ਖਿਲਾਫ਼ ਹੈ।
-ਪੀਟੀਆਈ