ਨਵੀਂ ਦਿੱਲੀ, 26 ਸਤੰਬਰ
ਮੁੱਖ ਅੰਸ਼
- ਗਹਿਲੋਤ ਦੇ ਕਾਂਗਰਸ ਪ੍ਰਧਾਨ ਬਣਨ ’ਤੇ ਵੀ ਸਵਾਲ ਉੱਠੇ
- ਮਾਕਨ ਅਤੇ ਖੜਗੇ ਮੁਤਾਬਕ ਕਦੇ ਨਹੀਂ ਥੋਪੀਆਂ ਸ਼ਰਤਾਂ
ਰਾਜਸਥਾਨ ’ਚ ਸਚਿਨ ਪਾਇਲਟ ਨੂੰ ਅਗਲਾ ਮੁੱਖ ਮੰਤਰੀ ਬਣਾਏ ਜਾਣ ਦੀਆਂ ਕਨਸੋਆਂ ਮਗਰੋਂ ਹਾਕਮ ਧਿਰ ਕਾਂਗਰਸ ’ਚ ਮਚੇ ਘਮਸਾਣ ਦਰਮਿਆਨ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਉਥੋਂ ਦੇ ਸਿਆਸੀ ਘਟਨਾਕ੍ਰਮ ਸਬੰਧੀ ਲਿਖਤੀ ਰਿਪੋਰਟ ਮੰਗ ਲਈ ਹੈ। ਇਸ ਮਗਰੋਂ ਕਾਂਗਰਸ ਵੱਲੋਂ ਰਾਜਸਥਾਨ ਲਈ ਅਗਲੀ ਰਣਨੀਤੀ ਘੜੀ ਜਾਵੇਗੀ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਸਮਝਾਉਣ ਲਈ ਕਾਂਗਰਸ ਨੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲ ਨਾਥ ਨੂੰ ਵਿਚੋਲੇ ਦੀ ਭੂਮਿਕਾ ਨਿਭਾਉਣ ਲਈ ਕਿਹਾ ਹੈ। ਉਨ੍ਹਾਂ ਦੇ ਗਹਿਲੋਤ ਨਾਲ ਚੰਗੇ ਸਬੰਧ ਹਨ ਅਤੇ ਕਾਂਗਰਸ ਨੂੰ ਵਿਸ਼ਵਾਸ ਹੈ ਕਿ ਉਹ ਗਹਿਲੋਤ ਨਾਲ ਗੱਲਬਾਤ ਕਰਕੇ ਸੰਕਟ ਸੁਲਝਾ ਸਕਦੇ ਹਨ। ਉਂਜ ਕਮਲ ਨਾਥ ਨੇ ਕਿਹਾ ਹੈ ਕਿ ਉਨ੍ਹਾਂ ਦੀ ਕਾਂਗਰਸ ਪ੍ਰਧਾਨ ਦੇ ਅਹੁਦੇ ’ਚ ਕੋਈ ਦਿਲਚਸਪੀ ਨਹੀਂ ਹੈ। ਕਾਂਗਰਸ ਪ੍ਰਧਾਨ ਦੇ ਅਹੁਦੇ ਦੀ ਚੋਣ ਲਈ ਗਹਿਲੋਤ ਦੀ ਦਾਅਵੇਦਾਰੀ ’ਤੇ ਵੀ ਸਵਾਲ ਖੜ੍ਹੇ ਹੋ ਗਏ ਹਨ। ਗਹਿਲੋਤ ਪੱਖੀ 92 ਵਿਧਾਇਕਾਂ ਨੇ ਪਾਰਟੀ ਨਿਗਰਾਨਾਂ ਮਲਿਕਾਰਜੁਨ ਖੜਗੇ ਅਤੇ ਅਜੈ ਮਾਕਨ ਅੱਗੇ ਤਿੰਨ ਸ਼ਰਤਾਂ ਰੱਖਦਿਆਂ ਕਿਹਾ ਕਿ ਅਗਲੇ ਮੁੱਖ ਮੰਤਰੀ ਬਾਰੇ ਕੋਈ ਫ਼ੈਸਲਾ ਪਾਰਟੀ ਪ੍ਰਧਾਨ ਦੀ 19 ਅਕਤੂਬਰ ਨੂੰ ਚੋਣ ਮਗਰੋਂ ਗਹਿਲੋਤ ਦੀ ਸਲਾਹ ਨਾਲ ਲਿਆ ਜਾਵੇ।ਸੰਕਟ ਸੁਲਝਾਉਣ ਲਈ ਰਾਜਸਥਾਨ ਗਏ ਖੜਗੇ ਅਤੇ ਮਾਕਨ ਅੱਜ ਸ਼ਾਮ ਜੈਪੁਰ ਤੋਂ ਦਿੱਲੀ ਪਰਤ ਆਏ ਅਤੇ ਉਨ੍ਹਾਂ ਸੋਨੀਆ ਨਾਲ ਮੁਲਾਕਾਤ ਕੀਤੀ। ਸੋਨੀਆ ਨਾਲ ਕਰੀਬ ਇਕ ਘੰਟੇ ਦੀ ਮੀਟਿੰਗ ਮਗਰੋਂ ਰਾਜਸਥਾਨ ਮਾਮਲਿਆਂ ਦੇ ਇੰਚਾਰਜ ਅਜੈ ਮਾਕਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਕਾਂਗਰਸ ਪ੍ਰਧਾਨ ਨੂੰ ਰਾਜਸਥਾਨ ਦੇ ਸਿਆਸੀ ਘਟਨਾਕ੍ਰਮ ਸਬੰਧੀ ਹਾਲਾਤ ਤੋਂ ਜਾਣੂ ਕਰਵਾਇਆ ਸੀ ਜਿਸ ਮਗਰੋਂ ਉਨ੍ਹਾਂ ਅੱਜ ਦੇਰ ਰਾਤ ਜਾਂ ਭਲਕੇ ਤੱਕ ਵਿਸਥਾਰਤ ਰਿਪੋਰਟ ਮੰਗੀ ਹੈ। ਉਨ੍ਹਾਂ ਕਿਹਾ,‘‘ਬੜੀ ਮੰਦਭਾਗੀ ਗੱਲ ਹੈ ਕਿ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਨਹੀਂ ਹੋ ਸਕੀ। ਗਹਿਲੋਤ ਪੱਖੀ ਵਿਧਾਇਕਾਂ ਅਤੇ ਮੰਤਰੀਆਂ ਦਾ ਇਹ ਕਦਮ ਗ਼ੈਰ-ਅਨੁਸ਼ਾਸਨੀ ਹੈ।’’ ਉਨ੍ਹਾਂ ਕਿਹਾ ਕਿ ਗਹਿਲੋਤ ਦੀ ਸਹਿਮਤੀ ਤੋਂ ਬਾਅਦ ਮੀਟਿੰਗ ਰੱਖੀ ਗਈ ਸੀ ਅਤੇ ਵਿਧਾਇਕ ਤੇ ਮੰਤਰੀ ਪਾਰਟੀ ਲੀਡਰਸ਼ਿਪ ਅੱਗੇ ਸ਼ਰਤਾਂ ਨਹੀਂ ਰਖ ਸਕਦੇ ਹਨ ਕਿਉਂਕਿ ਇਹ ‘ਹਿੱਤਾਂ ਦੇ ਟਕਰਾਅ’ ਬਰਾਬਰ ਹੋਵੇਗਾ। ਗਹਿਲੋਤ ਪੱਖੀ ਵਿਧਾਇਕਾਂ ਨੇ ਖੜਗੇ ਅਤੇ ਮਾਕਨ ਨਾਲ ਮੀਟਿੰਗ ਨਾ ਕੀਤੀ। ਉਨ੍ਹਾਂ ਵੱਖਰੀ ਮੀਟਿੰਗ ਕਰਕੇ ਗਹਿਲੋਤ ਨੂੰ ਮੁੱਖ ਮੰਤਰੀ ਬਣਾਈ ਰਖਣ ਸਮੇਤ ਹੋਰ ਮੰਗਾਂ ਵੀ ਪੇਸ਼ ਕੀਤੀਆਂ।
ਇਸ ਨਾਟਕੀ ਘਟਨਾਕ੍ਰਮ ਨਾਲ ਇਹ ਸਵਾਲ ਵੀ ਖੜ੍ਹੇ ਹੋ ਗਏ ਹਨ ਕਿ ਕੀ ਗਹਿਲੋਤ ਕਾਂਗਰਸ ਪ੍ਰਧਾਨ ਦੇ ਅਹੁਦੇ ਦੀ ਚੋਣ ਲੜਨਗੇ ਜਾਂ ਉਨ੍ਹਾਂ ਦੀ ਥਾਂ ’ਤੇ ਕਿਸੇ ਹੋਰ ਉਮੀਦਵਾਰ ਦੀ ਹਮਾਇਤ ਕੀਤੀ ਜਾਵੇਗੀ। ਗਹਿਲੋਤ ਨੇ ਕਿਹਾ ਹੈ ਕਿ ‘ਇਕ ਵਿਅਕਤੀ, ਇਕ ਅਹੁਦੇ’ ਦਾ ਫਾਰਮੂਲਾ ਉਨ੍ਹਾਂ ’ਤੇ ਲਾਗੂ ਨਹੀਂ ਹੁੰਦਾ ਹੈ ਕਿਉਂਕਿ ਕਾਂਗਰਸ ਪ੍ਰਧਾਨ ਦੀ ਚੋਣ ਅੰਦਰੂਨੀ ਮਾਮਲਾ ਹੈ। ਪਾਰਟੀ ਵਿਧਾਇਕਾਂ ਦੀ ਬਗ਼ਾਵਤ ਮਗਰੋਂ ਪੈਦਾ ਹੋਏ ਹਾਲਾਤ ’ਤੇ ਚਰਚਾ ਲਈ ਏਆਈਸੀਸੀ ਜਨਰਲ ਸਕੱਤਰ (ਜਥੇਬੰਦਕ) ਕੇ ਸੀ ਵੇਣੂਗੋਪਾਲ ਵੀ ਸੋਨੀਆ ਦੀ ਰਿਹਾਇਸ਼ ’ਤੇ ਪਹੁੰਚੇ। ਰਾਜਸਥਾਨ ’ਚ ਵਿਰੋਧੀ ਧਿਰ ਦੇ ਸਾਬਕਾ ਆਗੂ ਰਾਮੇਸ਼ਵਰ ਡੂਡੀ ਨੇ ਵੀ ਸੋਨੀਆ ਨਾਲ ਮੁਲਾਕਾਤ ਕੀਤੀ। ਰਾਜਸਥਾਨ ਦੇ ਮੰਤਰੀਆਂ ਸ਼ਾਂਤੀ ਧਾਰੀਵਾਲ, ਮਹੇਸ਼ ਜੋਸ਼ੀ ਅਤੇ ਪ੍ਰਤਾਪ ਸਿੰਘ ਖਚਰੀਆਵਾਸ ਨੇ ਜੈਪੁਰ ’ਚ ਐਤਵਾਰ ਰਾਤ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਖੜਗੇ ਅਤੇ ਮਾਕਨ ਨਾਲ ਮੁਲਾਕਾਤ ਕੀਤੀ ਸੀ। ਮਾਕਨ ਨੇ ਕਿਹਾ ਕਿ ਵਫ਼ਦ ਨੇ ਤਿੰਨ ਸ਼ਰਤਾਂ ਰਖੀਆਂ ਹਨ। ਪਹਿਲੀ, ਮੁੱਖ ਮੰਤਰੀ ਦੀ ਚੋਣ ਦਾ ਫ਼ੈਸਲਾ ਕਾਂਗਰਸ ਪ੍ਰਧਾਨ ਦੀ ਚੋਣ ਮਗਰੋਂ ਲਿਆ ਜਾਵੇ। ਦੂਜਾ, ਮੁੱਖ ਮੰਤਰੀ ਉਨ੍ਹਾਂ ਵਿਧਾਇਕਾਂ ’ਚੋਂ ਹੋਣਾ ਚਾਹੀਦਾ ਹੈ, ਜੋ 2020 ’ਚ ਸਿਆਸੀ ਸੰਕਟ ਦੌਰਾਨ ਸਰਕਾਰ ਨਾਲ ਖੜ੍ਹੇ ਰਹੇ ਸਨ ਨਾ ਕਿ ਪਾਇਲਟ ਕੈਂਪ ’ਚੋਂ ਬਣਾਇਆ ਜਾਵੇ। ਤੀਜਾ, ਏਆਈਸੀਸੀ ਨਿਗਰਾਨਾਂ ਨੂੰ ਇਕੱਲੇ-ਇਕੱਲੇ ਦੀ ਬਜਾਏ ਗਰੁੱਪਾਂ ’ਚ ਵਿਧਾਇਕਾਂ ਨਾਲ ਮੀਟਿੰਗਾਂ ਕਰਨੀਆਂ ਚਾਹੀਦੀਆਂ ਹਨ। ਮਾਕਨ ਨੇ ਵਿਧਾਇਕਾਂ ਨੂੰ ਦੱਸਿਆ ਕਿ ਕੋਈ ਫ਼ੈਸਲਾ ਅਜੇ ਨਹੀਂ ਲਿਆ ਗਿਆ ਹੈ ਅਤੇ ਉਹ ਹਰ ਕਿਸੇ ਦੀ ਗੱਲ ਸੁਣਨਗੇ। ਆਜ਼ਾਦ ਵਿਧਾਇਕ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਸੰਯਮ ਲੋਧਾ ਨੇ ਕਿਹਾ ਸੀ ਕਿ ਜੇਕਰ ਵਿਧਾਇਕਾਂ ਦੀਆਂ ਭਾਵਨਾਵਾਂ ਨੂੰ ਧਿਆਨ ’ਚ ਰਖ ਕੇ ਫ਼ੈਸਲਾ ਨਾ ਲਿਆ ਗਿਆ ਤਾਂ ਸਰਕਾਰ ਖ਼ਤਰੇ ’ਚ ਆ ਜਾਵੇਗੀ। -ਪੀਟੀਆਈ
ਕੋਈ ਵੀ ਕਾਂਗਰਸੀ ਆਗੂ ਕੌਮੀ ਪ੍ਰਧਾਨ ਨਹੀਂ ਬਣਨਾ ਚਾਹੁੰਦੈ: ਭਾਜਪਾ
ਨਵੀਂ ਦਿੱਲੀ: ਭਾਜਪਾ ਆਗੂ ਸਤੀਸ਼ ਪੂਨੀਆ ਨੇ ਰਾਜਸਥਾਨ ’ਚ ਚੱਲ ਰਹੇ ਸਿਆਸੀ ਸੰਕਟ ਲਈ ਕਾਂਗਰਸ ਨੂੰ ਘੇਰਦਿਆਂ ਕਿਹਾ ਹੈ ਕਿ ਪਾਰਟੀ ਦਾ ਕੋਈ ਵੀ ਆਗੂ ਕੌਮੀ ਪ੍ਰਧਾਨ ਨਹੀਂ ਬਣਨਾ ਚਾਹੁੰਦਾ ਹੈ ਅਤੇ ਉਹ ਸੂਬੇ ਦੇ ਮੁੱਖ ਮੰਤਰੀ ਜਾਂ ਖੇਤਰੀ ਆਗੂ ਬਣਨ ਦੇ ਇੱਛੁਕ ਹਨ। ਪੂਨੀਆ ਨੇ ਕਿਹਾ,‘‘ਰਾਜਸਥਾਨ ’ਚ ਕਿੱਸਾ ਕੁਰਸੀ ਦਾ ਨਾਟਕ 2018 ’ਚ ਸ਼ੁਰੂ ਹੋਇਆ ਸੀ ਜਦੋਂ ਗਹਿਲੋਤ ਅਤੇ ਸਚਿਨ ਪਾਇਲਟ ਲਈ ਨਾਅਰੇ ਲੱਗੇ ਸਨ। ਪਹਿਲਾਂ ਉਹ ਮੰਤਰੀ ਮੰਡਲ ਦੇ ਅਹੁਦਿਆਂ ਅਤੇ ਫਿਰ ਜੈਪੁਰ ’ਚ ਸਕੱਤਰੇਤ ਦੇ ਕਮਰਿਆਂ ਲਈ ਲੜਦੇ ਰਹੇ ਸਨ।’’ ਭਾਜਪਾ ਦੇ ਇਕ ਹੋਰ ਆਗੂ ਰਾਜਵਰਧਨ ਸਿੰਘ ਰਾਠੌੜ ਨੇ ਕਿਹਾ ਕਿ ਹੁਣ ਇਹ ਨਾਟਕਬਾਜ਼ੀ ਖ਼ਤਮ ਹੋਣੀ ਚਾਹੀਦੀ ਹੈ ਕਿਉਂਕਿ ਕਾਂਗਰਸ ਨੂੰ ਸੱਤਾ ’ਚ ਰਹਿਣ ਦਾ ਕੋਈ ਹੱਕ ਨਹੀਂ ਰਿਹਾ ਹੈ। -ਪੀਟੀਆਈ
ਪੰਜਾਬ ਵਾਂਗ ਰਾਜਸਥਾਨ ਵੀ ਹੱਥੋਂ ਜਾ ਸਕਦੈ: ਸ਼ਾਂਤੀ ਧਾਰੀਵਾਲ
ਜੈਪੁਰ: ਮੁੱਖ ਮੰਤਰੀ ਅਸ਼ੋਕ ਗਹਿਲੋਤ ਸਮਰਥਕ ਮੰਤਰੀ ਸ਼ਾਂਤੀ ਧਾਰੀਵਾਲ ਦੀ ਮੀਟਿੰਗ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ’ਚ ਉਹ ਆਖ ਰਹੇ ਹਨ,‘‘ਪੰਜਾਬ ’ਚ ਸਾਨੂੰ ਸਾਜ਼ਿਸ਼ ਤਹਿਤ ਹਾਰ ਦਾ ਸਾਹਮਣਾ ਕਰਨਾ ਪਿਆ। ਜੇਕਰ ਅਸੀਂ ਇਕੱਠੇ ਨਾ ਰਹੇ ਅਤੇ ਅਸ਼ੋਕ ਗਹਿਲੋਤ ਮੁੱਖ ਮੰਤਰੀ ਦੇ ਅਹੁਦੇ ’ਤੇ ਨਾ ਰਹੇ ਤਾਂ ਸਾਡੇ ਹੱਥੋਂ ਰਾਜਸਥਾਨ ਵੀ ਖੁੱਸ ਸਕਦਾ ਹੈ। ਸਿਰਫ਼ ਗਹਿਲੋਤ ਹੀ ਚੋਣ ਵਰ੍ਹੇ ’ਚ ਵੋਟਰਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਦਾ ਲਾਹਾ ਲੈ ਸਕਦੇ ਹਨ।’’ ਕਾਂਗਰਸ ਆਗੂ ਮਾਰਗਰੇਟ ਅਲਵਾ ਨੇ ਕਿਹਾ ਹੈ ਕਿ ਆਗੂਆਂ ਨੂੰ ਰਾਹੁਲ ਗਾਂਧੀ ਤੋਂ ਸਬਕ ਲੈ ਕੇ ਪਾਰਟੀ ਹਿੱਤ ’ਚ ਆਪਣੀ ਕੁਰਬਾਨੀ ਦੇਣੀ ਚਾਹੀਦੀ ਹੈ। -ਟਨਸ
ਰਾਜਸਥਾਨ ਦੇ ਕੁਝ ਮੰਤਰੀਆਂ ਖ਼ਿਲਾਫ਼ ਕਾਰਵਾਈ ਦੀ ਤਿਆਰੀ
ਨਵੀਂ ਦਿੱਲੀ: ਸੂਤਰਾਂ ਮੁਤਾਬਕ ਕਾਂਗਰਸ ਨੇ ਰਾਜਸਥਾਨ ਦੇ ਕੁਝ ਮੰਤਰੀਆਂ ਖ਼ਿਲਾਫ਼ ਕਾਰਵਾਈ ਦੀ ਤਿਆਰੀ ਖਿੱਚ ਲਈ ਹੈ। ਉਨ੍ਹਾਂ ’ਤੇ ਕਾਂਗਰਸ ਵਿਧਾਇਕ ਦਲ ਦੀ ਸਮਾਨਾਂਤਰ ਮੀਟਿੰਗ ਕਰਨ ਦਾ ਦੋਸ਼ ਹੈ। ਹਾਈ ਕਮਾਨ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼ਾਂਤੀ ਧਾਰੀਵਾਲ ’ਤੇ ਖਾਸ ਕਰਕੇ ਨਾਰਾਜ਼ ਹੈ ਜਿਸ ਨੇ ਸ਼ਰੇਆਮ ਆਖਿਆ ਹੈ ਕਿ ਗਹਿਲੋਤ ਨੂੰ ਇਕ ਵਿਅਕਤੀ ਇਕ ਅਹੁਦੇ ਦੇ ਨੇਮ ’ਤੇ ਸਵਾਲ ਉਠਾਇਆ ਜਾਣਾ ਚਾਹੀਦਾ ਹੈ। ਪਾਰਟੀ ਤਰਜਮਾਨ ਸ਼ਕਤੀ ਸਿੰਹ ਗੋਹਿਲ ਨੇ ਕਿਹਾ ਕਿ ਅੰਦਰੂਨੀ ਲੋਕਤੰਤਰ ਦੇ ਨਾਮ ’ਤੇ ਕੋਈ ਅਨੁਸ਼ਾਸਨਹੀਣਤਾ ਨਹੀਂ ਹੋਣੀ ਚਾਹੀਦੀ ਹੈ। -ਟਨਸ
ਜਦੋਂ ਕਾਗਜ਼ ਭਰਾਂਗਾ ਤਾਂ ਮੈਨੂੰ ਮਿਲਣ ਵਾਲੀ ਹਮਾਇਤ ਦੇਖਣਾ: ਥਰੂਰ
ਪਲੱਕੜ: ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਦਾਅਵਾ ਕੀਤਾ ਹੈ ਕਿ ਪਾਰਟੀ ਦੇ ਕੌਮੀ ਪ੍ਰਧਾਨ ਦੇ ਅਹੁਦੇ ਦੀ ਚੋਣ ਲਈ ਉਨ੍ਹਾਂ ਨੂੰ ਪਾਰਟੀ ਵਰਕਰਾਂ ਦੀ ਪੂਰੀ ਹਮਾਇਤ ਮਿਲ ਰਹੀ ਹੈ। ਹੁਣ ਜਦੋਂ ਅਸ਼ੋਕ ਗਹਿਲੋਤ ਦੇ ਉਮੀਦਵਾਰ ਬਣਨ ’ਤੇ ਸਵਾਲ ਖੜ੍ਹੇ ਹੋ ਗਏ ਹਨ ਤਾਂ ਥਰੂਰ ਨੇ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘‘ਜਦੋਂ ਮੈਂ ਪ੍ਰਧਾਨਗੀ ਅਹੁਦੇ ਦੀ ਚੋਣ ਲਈ ਨਾਮਜ਼ਦਗੀ ਕਾਗਜ਼ ਭਰਾਂਗਾ ਤਾਂ ਮੈਨੂੰ ਮਿਲਣ ਵਾਲੀ ਹਮਾਇਤ ਦੇਖਣਾ। ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਲੋਕਾਂ ਨੇ ਮੈਨੂੰ ਚੋਣ ਲੜਨ ਦੀ ਬੇਨਤੀ ਕੀਤੀ ਹੈ।’’ ਉਨ੍ਹਾਂ ਕਿਹਾ ਕਿ ਉਹ ਅਜੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਮਿਲ ਰਹੇ ਹਨ ਜਿਸ ਮਗਰੋਂ 30 ਸਤੰਬਰ ਨੂੰ ਤੈਅ ਹੋਵੇਗਾ ਕਿ ਉਹ ਚੋਣ ਲੜਨਗੇ ਜਾਂ ਨਹੀਂ। -ਪੀਟੀਆਈ