ਜੈਪੁਰ/ਨਵੀਂ ਦਿੱਲੀ, 15 ਮਈ
ਜਬਰ-ਜਨਾਹ ਦੇ ਮਾਮਲੇ ਵਿੱਚ ਦਿੱਲੀ ਪੁਲੀਸ ਅੱਜ ਰਾਜਸਥਾਨ ਦੇ ਮੰਤਰੀ ਮਹੇਸ਼ ਜੋਸ਼ੀ ਦੇ ਪੁੱਤਰ ਰੋਹਿਤ ਜੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਜੈਪੁਰ ਪਹੁੰਚ ਗਈ। ਪੁਲੀਸ ਨੇ ਹੁਣ ਜੋਸ਼ੀ ਨੂੰ 18 ਮਈ ਨੂੰ ਪੇਸ਼ ਹੋਣ ਲਈ ਕਿਹਾ ਹੈ। ਦਿੱਲੀ ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ, ‘ਸਾਡੇ ਅਧਿਕਾਰੀਆਂ ਦੀ ਇਕ ਟੀਮ ਕੇਸ ਦੇ ਮਾਮਲੇ ਵਿਚ ਜੈਪੁਰ ਗਈ ਸੀ ਤੇ ਜੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਸੀ ਜੋ ਕਿ ਭਗੌੜਾ ਸੀ।’ ਉਨ੍ਹਾਂ ਕਿਹਾ ਕਿ ਟੀਮਾਂ ਉਸ ਦੀ ਭਾਲ ਕਰ ਰਹੀਆਂ ਸਨ। ਦੱਸਣਯੋਗ ਹੈ ਕਿ ਜੈਪੁਰ ਨਾਲ ਸਬੰਧਤ 23 ਸਾਲਾ ਮਹਿਲਾ ਨੇ ਦਿੱਲੀ ਵਿਚ ਦੋਸ਼ ਲਾਇਆ ਸੀ ਕਿ ਮੰਤਰੀ ਦੇ ਪੁੱਤਰ ਰੋਹਿਤ ਨੇ ਪਿਛਲੇ ਇਕ ਸਾਲ ਵਿਚ ਕਈ ਵਾਰ ਉਸ ਨਾਲ ਜਬਰ-ਜਨਾਹ ਕੀਤਾ ਹੈ। ਔਰਤ ਨੇ ਕਿਹਾ ਸੀ ਕਿ ਰੋਹਿਤ ਨਾਲ ਉਸ ਦੀ ਦੋਸਤੀ ਪਿਛਲੇ ਸਾਲ ਫੇਸਬੁੱਕ ਉਤੇ ਹੋਈ ਸੀ ਤੇ ਉਹ ਪਹਿਲੀ ਵਾਰ ਜੈਪੁਰ ਵਿਚ ਮਿਲੇ ਸਨ। ਇਸ ’ਤੇ ਦਿੱਲੀ ਪੁਲੀਸ ਨੇ ਪਹਿਲਾਂ ਜ਼ੀਰੋ ਐਫਆਈਆਰ ਦਰਜ ਕੀਤੀ ਸੀ। ਜ਼ਿਕਰਯੋਗ ਹੈ ਕਿ ਅਜਿਹੀ ਐਫਆਈਆਰ ਮੁਲਕ ਵਿਚ ਕਿਤੇ ਵੀ ਦਰਜ ਹੋ ਸਕਦੀ ਹੈ। ਮਗਰੋਂ ਪੁਲੀਸ ਨੇ ਇਸ ਨੂੰ ਰੈਗੂਲਰ ਐਫਆਈਆਰ ਵਿਚ ਬਦਲ ਲਿਆ ਸੀ। ਦਿੱਲੀ ਪੁਲੀਸ ਦੀ ਟੀਮ ਅੱਜ ਜੋਸ਼ੀ ਦੇ ਉਸਾਰੀ ਅਧੀਨ ਸੇਨ ਕਲੋਨੀ (ਜੈਪੁਰ) ਸਥਿਤ ਘਰ ਗਈ ਤੇ ਉੱਥੇ ਨੋਟਿਸ ਲਾ ਦਿੱਤਾ।
ਰੋਹਿਤ ਜੋਸ਼ੀ ਨੂੰ ਪੁਲੀਸ ਥਾਣਾ, ਸਦਰ ਬਾਜ਼ਾਰ (ਦਿੱਲੀ) ਪੇਸ਼ ਹੋਣ ਲਈ ਕਿਹਾ ਗਿਆ ਹੈ। ਰਾਜਸਥਾਨ ਦੇ ਮੰਤਰੀ ਨੇ ਕਿਹਾ, ‘ਦਿੱਲੀ ਪੁਲੀਸ ਨੇ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ। ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਸੱਚ ਤੇ ਨਿਆਂ ਨਾਲ ਖੜ੍ਹਾਂਗਾ। ਜਦ ਦਿੱਲੀ ਪੁਲੀਸ ਮੇਰੇ ਕੋਲ ਆਵੇਗੀ ਤਾਂ ਮੈਂ ਜਾਂਚ ਵਿਚ ਸਹਿਯੋਗ ਕਰਾਂਗਾ।’ -ਪੀਟੀਆਈ