ਜੈਪੁਰ: ਰਾਜਸਥਾਨ ਹਾਈ ਕੋਰਟ ਨੇ ਕਾਂਗਰਸ ਦੇ ਬਾਗ਼ੀ ਵਿਧਾਇਕਾਂ ਵੱਲੋਂ ਦਾਇਰ ਪਟੀਸ਼ਨ ’ਤੇ ਫੈਸਲਾ ਸ਼ੁੱਕਰਵਾਰ ਤੱਕ ਅੱਗੇ ਪਾ ਦਿੱਤਾ ਹੈ। ਇਸ ਦੇ ਨਾਲ ਹੀ ਚੀਫ਼ ਜਸਟਿਸ ਇੰਦਰਜੀਤ ਮਹੰਤੀ ਤੇ ਜਸਟਿਸ ਪ੍ਰਕਾਸ਼ ਗੁਪਤਾ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਰਾਜਸਥਾਨ ਅਸੈਂਬਲੀ ਦੇ ਸਪੀਕਰ ਨੂੰ ਸਚਿਨ ਪਾਇਲਟ ਤੇ 18 ਨਾਰਾਜ਼ ਵਿਧਾਇਕਾਂ ਖ਼ਿਲਾਫ਼ ਜਾਰੀ ਅਯੋਗਤਾ ਨੋਟਿਸਾਂ ’ਤੇ ਸ਼ੁੱਕਰਵਾਰ ਤਕ ਕੋਈ ਕਾਰਵਾਈ ਕਰਨ ਤੋਂ ਵੀ ਡੱਕ ਦਿੱਤਾ ਹੈ। ਬੈਂਚ ਨੇ ਅੱਜ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਦਾ ਕੰਮ ਮੁਕੰਮਲ ਕਰ ਲਿਆ ਤੇ ਹੁਣ ਸਾਰੀਆਂ ਸਬੰਧਤ ਧਿਰਾਂ ਨੂੰ ਸ਼ੁੱਕਰਵਾਰ ਤਕ ਲਿਖਤ ਵਿੱਚ ਆਪਣੀਆਂ ਦਲੀਲਾਂ ਦੇਣ ਲਈ ਆਖਿਆ ਹੈ। ਰਾਜਸਥਾਨ ਵਿਧਾਨ ਸਭਾ ਦੇ ਸਪੀਕਰ ਸੀ.ਪੀ.ਜੋਸ਼ੀ ਦੇ ਵਕੀਲ ਨੇ ਕਿਹਾ, ‘ਕੋਰਟ ਹੁਣ 24 ਜੁਲਾਈ ਨੂੰ ਆਪਣਾ ਫੈਸਲਾ ਸੁਣਾਏਗੀ। -ਪੀਟੀਆਈ