ਕੋਟਾ:
ਰਾਜਸਥਾਨ ਦੇ ਕੋਟਾ ’ਚ ਨੀਟ-ਯੂਜੀ ਪ੍ਰੀਖਿਆ ਲਈ ਤਿਆਰੀ ਕਰ ਰਹੇ ਇੱਕ ਵਿਦਿਆਰਥੀ ਨੇ ਬੁੱਧਵਾਰ ਰਾਤ ਨੂੰ ਆਪਣੇ ਕਮਰੇ ’ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਕੋੋਚਿੰਗ ਲਈ ਹੱਬ ਵਜੋਂ ਜਾਣੇ ਜਾਂਦੇ ਕੋਟਾ ’ਚ ਇਸ ਸਾਲ ਖ਼ੁਦਕੁਸ਼ੀ ਦਾ ਇਹ 14ਵਾਂ ਕੇਸ ਹੈ ਜਦਕਿ ਸ਼ਹਿਰ ’ਚ ਸਾਲ 2023 ਤੋਂ ਲੈ ਕੇ ਹੁਣ ਤੱਕ ਖ਼ੁਦਕੁਸ਼ੀ ਕਾਰਨ ਮੌਤ ਦਾ 26ਵਾਂ ਮਾਮਲਾ ਹੈ। ਮ੍ਰਿਤਕ ਦੀ ਪਛਾਣ ਪਰਸ਼ੂਰਾਮ ਜਾਟਵ (21) ਵਾਸੀ ਬਰਸਾਨਾ, ਜ਼ਿਲ੍ਹਾ ਮਥੁਰਾ (ਉੱਤਰ ਪ੍ਰਦੇਸ਼) ਦੱਸੀ ਗਈ ਹੈ। ਪਰਸ਼ੂਰਾਮ ਦੇ ਪਿਤਾ ਖਚਰਮਲ ਨੇ ਉਸ ਦੀ ਮੌਤ ਲਈ ਨੀਟ-2024 ਘੁਟਾਲੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਾਲਾਂਕਿ ਉਨ੍ਹਾਂ ਪੁਲੀਸ ਕੋਈ ਦਰਜ ਕਰਵਾਈ ਰਿਪੋਰਟ ’ਚ ਕੋਈ ਦੋਸ਼ ਨਹੀਂ ਲਾਇਆ ਹੈ। ਪੁਲੀਸ ਨੂੰ ਕੋਈ ਵੀ ਖ਼ੁੁਦਕੁਸ਼ੀ ਨੋਟ ਨਹੀਂ ਮਿਲਿਆ। ਪਰਸ਼ੂਰਾਮ ਨੇ ਬੁੱਧਵਾਰ ਰਾਤ ਨੂੰ 1.15 ਵਜੇ ਆਪਣੇ ਪਿਤਾ ਨਾਲ ਗੱਲ ਕੀਤੀ ਸੀ ਅਤੇ ਉਸ ਨੇ ਘਰ ਮੁੜਨ ਦੀ ਇੱਛਾ ਜਤਾਈ ਸੀ। -ਪੀਟੀਆਈ