ਜੈਪੁਰ, 13 ਅਪਰੈਲ
ਭਾਜਪਾ ਦੇ ਸੰਸਦ ਮੈਂਬਰ ਤੇਜਸਵੀ ਸੂਰਿਆ ਨੇ ਅੱਜ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਤੁਲਨਾ ਮੁਗ਼ਲ ਸ਼ਾਸਕ ਔਰੰਗਜ਼ੇਬ ਨਾਲ ਕਰਦਿਆਂ ਕਾਂਗਰਸ ਨੂੰ ਅੱਜ ਦੇ ਸਮੇਂ ਦੀ ਮੁਸਲਿਮ ਲੀਗ ਕਰਾਰ ਦਿੱਤਾ ਅਤੇ ਕਾਂਗਰਸ ਪਾਰਟੀ ’ਤੇ ਹਿੰਦੂਆਂ ’ਤੇ ਜੁਲਮ ਕਰਨ ਦੇ ਦੋਸ਼ ਲਗਾਏ।
ਪੁਲੀਸ ਨੇ ਸੂਰਿਆ, ਪਾਰਟੀ ਦੀ ਰਾਜਸਥਾਨ ਇਕਾਈ ਦੇ ਮੁਖੀ ਸਤੀਸ਼ ਪੂਨੀਆ ਅਤੇ ਭਾਜਪਾ ਯੁਵਾ ਮੋਰਚੇ ਦੇ ਕਾਰਕੁਨਾਂ ਨੂੰ ਅੱਜ ਹਿੰਸਾ ਪ੍ਰਭਾਵਿਤ ਕਰੌਲੀ ਵਿੱਚ ਜਾਣ ਤੋਂ ਰੋਕ ਦਿੱਤਾ। ਅਧਿਕਾਰੀਆਂ ਨੇ ਭਾਜਪਾ ਆਗੂਆਂ ਨੂੰ ਕਾਨੂੰਨ ਵਿਵਸਥਾ ਦਾ ਹਵਾਲਾ ਦੇ ਕੇ ਜੈਪੁਰ-ਆਗਰਾ ਸ਼ਾਹਰਾਹ ’ਤੇ ਮਹੂਆ ਨੇੜੇ ਰੋਕਿਆ ਤੇ ਇਕ ਬੱਸ ਵਿੱਚ ਬੈਠਣ ਲਈ ਕਿਹਾ ਪਰ ਭਾਜਪਾ ਆਗੂ ਮੰਗ ਕਰਦੇ ਰਹੇ ਕਿ ਉਨ੍ਹਾਂ ਨੂੰ 2 ਅਪਰੈਲ ਨੂੰ ਹਿੰਦੂ ਨਵੇਂ ਸਾਲ ਮੌਕੇ ਮੋਟਰਸਾਈਕਲ ਰੈਲੀ ’ਤੇ ਪੱਥਰਬਾਜ਼ੀ ਮਗਰੋਂ ਭੜਕੀ ਹਿੰਸਾ ਦੇ ਪੀੜਤਾਂ ਨੂੰ ਮਿਲਣ ਦੀ ਆਗਿਆ ਦਿੱਤੀ ਜਾਵੇ। ਹਿੰਸਾ ਦੌਰਾਨ 30 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ। ਸੂਰਿਆ ਜੋ ਕਿ ਭਾਰਤੀ ਜਨਤਾ ਯੁਵਾ ਮੋਰਚਾ ਦੇ ਮੁਖੀ ਵੀ ਹਨ, ਨੇ ਬਾਅਦ ਵਿੱਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕਿ ਉਹ ਰਾਜਸਥਾਨ ਵਿੱਚ ਕਾਬਜ਼ ਧਿਰ ਕਾਂਗਰਸ ਦੀ ਤੁਸ਼ਟੀਕਰਨ ਵਾਲੀ ਨੀਤੀ ਦਾ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ, ‘‘ਇਹ ਰਾਜਸਥਾਨ ਹੈ, ਅਫ਼ਗਾਨਿਸਤਾਨ ਨਹੀਂ। ਸੂਬਾ ਸਰਕਾਰ ਨੂੰ ਹਿੰਦੂਆਂ ਨਾਲ ਦੂਜੇ ਦਰਜੇ ਦਾ ਵਿਹਾਰ ਕਰਨਾ ਬੰਦ ਕਰਨਾ ਚਾਹੀਦਾ ਹੈ। ਮੈਂ ਸੂਬਾ ਸਰਕਾਰ ਦੀ ਹਿੰਦੂ ਵਿਰੋਧੀ ਅਤੇ ਭਾਰਤ ਵਿਰੋਧੀ ਨੀਤੀ ਦੀ ਆਲੋਚਨਾ ਕਰਦਾ ਹਾਂ। ਕਾਂਗਰਸ ਅੱਜ ਦੇ ਸਮੇਂ ਦੀ ਮੁਸਲਿਮ ਲੀਗ ਹੈ।’’ ਸੂਰਿਆ ਨੇ ਦੋਸ਼ ਲਗਾਇਆ, ‘‘ਜਿਸ ਤਰੀਕੇ ਨਾਲ ਭਾਰਤੀ ਮੁਸਲਿਮ ਲੀਗ ਹਿੰਦੂਆਂ ਨੂੰ ਵੰਡਦੀ ਸੀ ਅਤੇ ਉਨ੍ਹਾਂ ’ਤੇ ਜੁਲਮ ਕਰਦੀ ਸੀ, ਉਸੇ ਤਰ੍ਹਾਂ ਅੱਜ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਅਸ਼ੋਕ ਗਹਿਲੋਤ ਕਰ ਰਹੇ ਹਨ।’’ -ਪੀਟੀਆਈ