ਜੈਪੁਰ, 16 ਅਕਤੂਬਰ
ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿੱਚ ਇੱਕ ਸਰਕਾਰੀ ਅਧਿਆਪਕਾ ਵਿਸ਼ੇਸ਼ ਤਕਨੀਕਾਂ ਰਾਹੀਂ ਅਪਾਹਜ ਵਿਦਿਆਰਥਣਾਂ ਨੂੰ ਸਵੈ-ਰੱਖਿਆ ਦੇ ਢੰਗ ਸਿਖਾ ਰਹੀ ਹੈ। ਜ਼ਿਲ੍ਹੇ ਵਿੱਚ ਰਾਏਗੜ੍ਹ ਅਧੀਨ ਖੜਕਹਾੜਾ ਦੇ ਪ੍ਰਾਇਮਰੀ ਸਕੂਲ ’ਚ ਪੜ੍ਹਾਉਂਦੀ ਆਸ਼ਾ ਸੁਮਨ (40) ਨੇ ਕਿਹਾ ਕਿ ਸਰੀਰਕ ਤੌਰ ’ਤੇ ਅਸਮਰੱਥ ਲੜਕੀਆਂ ਨੂੰ ਜਿਨਸੀ ਹਮਲੇ ਦਾ ਵੱਧ ਖ਼ਤਰਾ ਹੁੰਦਾ ਹੈ ਅਤੇ ਇਸ ਲਈ ਇਹ ਸਿਖਲਾਈ ਦੇਣੀ ਜ਼ਰੂਰੀ ਹੈ ਤਾਂ ਕਿ ਅਜਿਹੀ ਸਥਿਤੀ ਪੈਦਾ ਹੋਣ ’ਤੇ ਉਹ ਖ਼ੁਦ ਦਾ ਬਚਾਅ ਕਰ ਸਕਣ। ਆਸ਼ਾ ਨੇ ਸਰੀਰਕ ਤੌਰ ਅਸਮਰੱਥ, ਖਾਸ ਕਰ ਕੇ ਨਾ ਦੇਖ ਸਕਣ ਵਾਲੀਆਂ ਲੜਕੀਆਂ ਨੂੰ 2015 ਤੋਂ ਇਹ ਟਰੇਨਿੰਗ ਦੇਣੀ ਸ਼ੁਰੂ ਕੀਤੀ ਸੀ। ਉਸ ਨੇ ਖ਼ੁਦ ਵੀ ਸੂਬਾ ਪੁਲੀਸ ਅਧੀਨ ਸਵੈ-ਰੱਖਿਆ ਦੀ ਸਿਖਲਾਈ ਲਈ ਹੈ। ਹਾਲਾਂਕਿ 2019 ਵਿੱਚ ਉਸ ਨੇ ਮੁੰਬਈ ’ਚ ਆਪਣੇ ਖਰਚੇ ’ਤੇ ਵਿਸ਼ੇਸ਼ ਟਰੇਨਿੰਗ ਹਾਸਲ ਵੀ ਕੀਤੀ ਤਾਂ ਕਿ ਉਹ ਅਪਾਹਜ ਲੜਕੀਆਂ ਨੂੰ ਬਿਨਾਂ ਹਥਿਆਰ ਤੋਂ ਟਾਕਰਾ ਕਰਨਾ ਸਿਖਾ ਸਕੇ। ਆਸ਼ਾ ਸੁਮਨ ਨੇ ਕਿਹਾ ਕਿ ਟਰੇਨਿੰਗ ਅਧੀਨ ਲੜਕੀਆਂ ਨੂੰ ਘਸੁੰਨ-ਮੁੱਕੀ, ਕਿੱਕ ਮਾਰਨਾ ਤੇ ਬਾਹਵਾਂ ਦੀ ਅੱਗੇ ਪਿੱਛੇ ਹਰਕਤ ਦੀ ਸਿਖਾਈ ਜਾਂਦੀ ਹੈ ਜਿਸ ਨਾਲ ਨਾ ਸਿਰਫ ਲੜਕੀਆਂ ਮਜ਼ਬੂਤ ਹੁੰਦੀਆਂ ਹਨ ਸਗੋਂ ਉਨ੍ਹਾਂ ਦਾ ਵਿਸ਼ਵਾਸ ਵੀ ਵਧਦਾ ਹੈ। ਉਹ ਪਿਛਲੇ ਤਿੰਨ ਸਾਲਾਂ ਦੌਰਾਨ ਰਾਜਸਥਾਨ ਦੇ ਵੱਖ-ਵੱਖ ਹਿੱਸਿਆਂ 300 ਤੋਂ ਵੱਧ ਲੜਕੀਆਂ ਨੂੰ ਇਹ ਸਿਖਲਾਈ ਦੇ ਚੁੱਕੀ ਹੈ। ਸੁਮਨ ਨੇ ਦੱਸਿਆ ਕਿ ਜੈਪੁਰ ਵਿੱਚ ਇੱਕ ਸਰਕਾਰੀ ਕੈਂਪ ਦੌਰਾਨ 6 ਤੋਂ 15 ਅਕਤੂਬਰ ਤੱਕ 55 ਲੜਕੀਆਂ, ਜਿਨ੍ਹਾਂ ਵਿੱਚ ਦੇਖ ਸਕਣ ਤੋਂ ਅਸਮਰੱਥ 11 ਲੜਕੀਆਂ ਸ਼ਾਮਲ ਸਨ, ਨੂੰ ਟਰੇਨਿੰਗ ਦਿੱਤੀ ਗਈ ਹੈ। -ਪੀਟੀਆਈ