ਸੀਕਰ (ਰਾਜਸਥਾਨ), 8 ਅਗਸਤ
ਰਾਜਸਥਾਨ ਦੇ ਸੀਕਰ ਜ਼ਿਲ੍ਹੇ ਵਿੱਚ ਅੱਜ ਤੜਕੇ ਖਾਟੂ ਸ਼ਿਆਮ ਜੀ ਮੰਦਰ ਦੇ ਬਾਹਰ ਭਗਦੜ ਮਚਣ ਕਾਰਨ ਤਿੰਨ ਔਰਤਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਸ਼ਰਧਾਲੂ ਜ਼ਖ਼ਮੀ ਹੋ ਗਏ। ਇਸ ਘਟਨਾ ਮਗਰੋਂ ਖਾਟੂ ਸ਼ਿਆਮ ਜੀ ਦੀ ਥਾਣਾ ਇੰਚਾਰਜ ਰੀਆ ਚੌਧਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲੀਸ ਮੁਤਾਬਕ ਰਾਜਸਥਾਨ ਅਤੇ ਗੁਆਂਢੀ ਰਾਜਾਂ ਦੇ ਵੱਡੀ ਗਿਣਤੀ ਸ਼ਰਧਾਲੂ ਹਿੰਦੂ ਭਾਈਚਾਰੇ ਦੇ ਸ਼ੁੱਭ ਦਿਹਾੜੇ ‘ਗਿਆਰਸ’ ਮੌਕੇ ਪੂਜਾ ਕਰਨ ਕਈ ਮੰਦਰ ਦੇ ਬਾਹਰ ਕਤਾਰਾਂ ’ਚ ਖੜ੍ਹੇ ਸਨ। ਸਵੇਰੇ 4:30 ਵਜੇ ਮੰਦਰ ਦੇ ਦਰਵਾਜ਼ੇ ਖੁੱਲ੍ਹਦਿਆਂ ਹੀ ਸ਼ਰਧਾਲੂ ਦਰਸ਼ਨਾਂ ਲਈ ਅੰਦਰ ਜਾਣ ਲੱਗੇ। ਇਸ ਦੌਰਾਨ ਕਤਾਰ ਵਿੱਚ ਖੜ੍ਹੀ ਇੱਕ 63 ਸਾਲਾ ਔਰਤ ਹੇਠਾਂ ਡਿੱਗ ਗਈ। ਅਧਿਕਾਰੀਆਂ ਮੁਤਾਬਕ ਔਰਤ ਦੇ ਪਿੱਛੇ ਖੜ੍ਹੀਆਂ ਦੋ ਹੋਰ ਔਰਤਾਂ ਵੀ ਡਿੱਗ ਪਈਆਂ, ਜਿਸ ਕਾਰਨ ਉੱਥੇ ਭਗਦੜ ਮਚ ਗਈ। ਇਸ ਦੌਰਾਨ ਇਨ੍ਹਾਂ ਤਿੰਨ ਔਰਤਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਸ਼ਰਧਾਲੂ ਜ਼ਖ਼ਮੀ ਹੋ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸ਼ਾਂਤੀ ਦੇਵੀ (ਹਰਿਆਣਾ), ਮਾਇਆ ਦੇਵੀ (ਉੱਤਰ ਪ੍ਰਦੇਸ਼) ਅਤੇ ਕ੍ਰਿਪਾ ਦੇਵੀ (ਜੈਪੁਰ) ਵਜੋਂ ਹੋਈ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਅਸ਼ੋਕ ਗਹਿਲੋਤ, ਕਾਂਗਰਸੀ ਆਗੂ ਰਾਹੁਲ ਗਾਂਧੀ, ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ, ਭਾਜਪਾ ਦੇ ਸੂਬਾ ਪ੍ਰਧਾਨ ਸਤੀਸ਼ ਪੂਨੀਆ ਅਤੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਇਸ ਘਟਨਾ ’ਤੇ ਦੁੱਖ ਪ੍ਰਗਟਾਇਆ ਹੈ। -ਪੀਟੀਆਈ