ਜੈਪੁਰ, 7 ਮਈ
ਰਾਜਸਥਾਨ ਸਰਕਾਰ ਜੀਵਨ ਰੱਖਿਅਕ ਗੈਸ (ਆਕਸੀਜਨ) ਦੀ ਕਿੱਲਤ ਨਾਲ ਨਜਿੱਠਣ ਲਈ ਜਲਦੀ ਹੀ ਵਿਦੇਸ਼ ਤੋਂ 50000 ਆਕਸੀਜਨ ਕੰਸਨਟਰੇਟਰਾਂ ਦੀ ਖਰੀਦ ਕਰੇਗੀ। ਸੂਬੇ ਦੇ ਸਿਹਤ ਮੰਤਰੀ ਰਘੂ ਸ਼ਰਮਾ ਨੇ ਕਿਹਾ ਕਿ ਸੂਬਾ ਸਰਕਾਰ 1250 ਆਕਸੀਜਨ ਕੰਸਨਟਰੇਟਰਾਂ ਦਾ ਆਰਡਰ ਪਹਿਲਾਂ ਹੀ ਦੇ ਚੁੱਕੀ ਹੈ, ਤੇ ਇਨ੍ਹਾਂ ਵਿੱਚੋਂ ਸੌ ਦੇ ਅੱਜ ਸ਼ਾਮ ਤੱਕ ਰੂਸ ਤੋਂ ਪੁੱਜਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਤਿੰਨ ਆਈਏਐੱਸ ਅਧਿਕਾਰੀਆਂ ਦੀ ਕਮੇਟੀ ਇਸ ਪੂਰੇ ਅਮਲ ਨੂੰ ਖੁ਼ਦ ਵੇਖ ਰਹੀ ਹੈ ਤੇ ਉਨ੍ਹਾਂ ਭਾਰਤ, ਰੂਸ, ਚੀਨ ਤੇ ਦੁਬਈ ਦੇ ਉਤਪਾਦਕਾਂ ਨਾਲ ਇਸ ਬਾਰੇ ਗੱਲ ਵੀ ਕੀਤੀ ਹੈ। ਸ਼ਰਮਾ ਨੇ ਇਕ ਵੀਡੀਓ ਸੁਨੇਹੇ ’ਚ ਕਿਹਾ ਕਿ 50,000 ਆਕਸੀਜਨ ਕੰਸਨਟਰੇਟਰਾਂ ਦੀ ਖਰੀਦ ਦੇ ਅਮਲ ਨੂੰ ਇਸ ਮਹੀਨੇ ਦੇ ਅੰਤ ਤੱਕ ਮੁਕੰਮਲ ਕਰ ਲਿਆ ਜਾਵੇਗਾ। ਸ਼ਰਮਾ ਨੇ ਕਿਹਾ ਕਿ ਰਾਜਸਥਾਨ ਨੂੰ ਰੋਜ਼ਾਨਾ 615 ਮੀਟਰਿਕ ਟਨ ਆਕਸੀਜਨ ਦੀ ਲੋੜ ਹੈ ਜਦੋਂਕਿ ਕੇਂਦਰ ਸਰਕਾਰ ਵੱਲੋਂ 270 ਮੀਟਰਿਕ ਟਨ ਆਕਸੀਜਨ ਦਾ ਕੋਟਾ ਹੀ ਅਲਾਟ ਕੀਤਾ ਗਿਆ ਹੈ। ਰਾਜਸਥਾਨ ਵਿੱਚ ਪਿਛਲੇ 24 ਘੰਟਿਆਂ ਦੌਰਾਨ 5,182 ਕੇਸ ਰਿਪੋਰਟ ਹੋਏ ਹਨ ਤੇ ਕੁੱਲ ਕੇਸਾਂ ਦੀ ਗਿਣਤੀ 7.02 ਲੱਖ ਤੋਂ ਵਧ ਹੈ। -ਪੀਟੀਆਈ