ਨਵੀਂ ਦਿੱਲੀ, 9 ਮਾਰਚ
ਸੁਪਰੀਮ ਕੋਰਟ ਨੇ 30 ਸਾਲ ਕੈਦ ਕੱਟਣ ਅਤੇ ਪੈਰੋਲ ਦੌਰਾਨ ਕਿਸੇ ਤਰ੍ਹਾਂ ਦੀ ਸ਼ਿਕਾਇਤ ਨਾ ਮਿਲਣ ਦੇ ਆਧਾਰ ’ਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਤਲ ਏਜੀ ਪੇਰਾਰੀਵਲਨ ਦੀ ਜ਼ਮਾਨਤ ਬੁੱਧਵਾਰ ਨੂੰ ਮਨਜ਼ੂਰ ਕਰ ਲਈ। ਉਹ ਰਾਜੀਵ ਗਾਂਧੀ ਦੀ ਹੱਤਿਆ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਜਸਟਿਸ ਐਲ ਨਾਗੇਸ਼ਵਰ ਰਾਓ ਅਤੇ ਜਸਟਿਸ ਬੀਆਰ ਗਵਈ ਦੀ ਬੈਂਚ ਨੇ ਉਨ੍ਹਾਂ ਦਲੀਲਾਂ ਦਾ ਨੋਟਿਸ ਲਿਆ, ਜਿਸ ਵਿੱਚ ਕਿਹਾ ਗਿਆ ਹੈ ਕਿ ਦੋਸ਼ੀ ਪੇਰਾਰੀਵਲਨ 30 ਸਾਲ ਤਕ ਜੇਲ੍ਹ ਵਿਚ ਰਿਹਾ ਹੈ ਅਤੇ ਉਸ ਦਾ ਵਿਹਾਰ ਸੰਤੋਸ਼ਜਨਕ ਰਿਹਾ ਹੈ ਭਾਵੇਂ ਉਹ ਜੇਲ੍ਹ ਵਿੱਚ ਸੀ ਜਾਂ ਪੈਰੋਲ ’ਤੇ। ਬੈਂਚ ਨੇ ਪੇਰਾਰੀਵਲਨ ਨੂੰ ਹਰ ਮਹੀਨੇ ਦੇ ਪਹਿਲੇ ਹਫ਼ਤੇ ਚੇਨਈ ਨੇੜਲੇ ਥਾਣੇ ਵਿੱਚ ਰਿਪੋਰਟ ਕਰਨ ਦਾ ਹੁਕਮ ਦਿੱਤਾ ਅਤੇ ਕਿਹਾ ਕਿ ਪਟੀਸ਼ਨਰ ਦੀ ਜ਼ਮਾਨਤ ਤੇ ਰਿਹਾਈ ਲਈ ਉਥੋਂ ਦੀ ਸਥਾਨਕ ਅਦਾਲਤ ਹੋਰਨਾਂ ਸ਼ਰਤਾਂ ਤੈਅ ਕਰੇਗੀ। -ਏਜੰਸੀ