ਨਵੀਂ ਦਿੱਲੀ, 20 ਅਗਸਤ
ਰਾਜਸਥਾਨ ਵਿਚ ਮਹਿਲਾਵਾਂ ਲਈ ਚੱਲ ਰਹੀ ਇਕ ਰਿਹਾਇਸ਼ੀ ਸੰਸਥਾ ਬਨਸਥਲੀ ਵਿਦਿਆਪੀਠ ਨੂੰ 25ਵੇਂ ਰਾਜੀਵ ਗਾਂਧੀ ਕੌਮੀ ਸਦਭਾਵਨਾ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਸੰਸਥਾ ਨੂੰ ਇਹ ਪੁਰਸਕਾਰ ਅੱਜ ਸਾਬਕਾ ਉਪ ਰਾਸ਼ਟਰਪਤੀ ਐਮ. ਹਾਮਿਦ ਅੰਸਾਰੀ ਨੇ ਦਿੱਲੀ ਵਿਚ ਸੌਂਪਿਆ। ਇਸ ਸੰਸਥਾ ਨਾਲ ਸਬੰਧਤ ਸਿਧਾਰਥ ਸ਼ਾਸਤਰੀ ਨੂੰ ਪੁਰਸਕਾਰ ਸੌਂਪਣ ਮੌਕੇ ਕਾਂਗਰਸ ਸੰਸਦੀ ਦਲ ਦੀ ਨੇਤਾ ਸੋਨੀਆ ਗਾਂਧੀ ਅਤੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਹਾਜ਼ਰ ਸਨ। ਸ਼ਾਸਤਰੀ ਨੇ ਦੱਸਿਆ ਕਿ ਇਸ ਸੰਸਥਾ ਦੀ ਸਥਾਪਨਾ 1935 ਵਿਚ ਪੰਜ ਵਿਦਿਆਰਥਣਾਂ ਨਾਲ ਹੋਈ ਸੀ। ਹੁਣ ਇਹ ਨਰਸਰੀ ਤੋਂ ਡਾਕਟਰੇਟ ਪੱਧਰ ਤੱਕ 15 ਹਜ਼ਾਰ ਵਿਦਿਆਰਥਣਾਂ ਨੂੰ ਪੜ੍ਹਾ ਰਹੀ ਹੈ। ਇਹ ਪੁਰਸਕਾਰ 1992 ਵਿਚ ‘ਭਾਰਤ ਛੱਡੋ ਅੰਦੋਲਨ’ ਦੀ ਗੋਲਡਨ ਜੁਬਲੀ ਮੌਕੇ ਸ਼ੁਰੂ ਕੀਤਾ ਗਿਆ ਸੀ। ਸ਼ਾਂਤੀ, ਫਿਰਕੂ ਸਦਭਾਵਨਾ ਤੇ ਕੌਮੀ ਏਕਤਾ ਵਿਚ ਹਿੱਸਾ ਪਾਉਣ ਲਈ ਇਹ ਕਿਸੇ ਵਿਅਕਤੀ ਜਾਂ ਸੰਸਥਾ ਨੂੰ ਦਿੱਤਾ ਜਾਂਦਾ ਹੈ। ਪੁਰਸਕਾਰ ਅੱਜ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਜੈਅੰਤੀ ਮੌਕੇ ਦਿੱਤਾ ਗਿਆ। ਇਸ ਮੌਕੇ ਹਾਜ਼ਰ ਸੋਨੀਆ ਗਾਂਧੀ ਨੇ ਕਿਹਾ ਕਿ ਫਿਰਕੂ ਸਦਭਾਵਨਾ, ਸ਼ਾਂਤੀ ਤੇ ਕੌਮੀ ਏਕਤਾ ਦੇ ਆਦਰਸ਼ ਇਨ੍ਹਾਂ ਸਮਿਆਂ ਵਿਚ ਉਦੋਂ ਹੋਰ ਵੀ ਮਹੱਤਵਪੂਰਨ ਹੋ ਗਏ ਹਨ ਜਦੋਂ ਨਫ਼ਰਤ, ਸਮਾਜ ਵਿਚ ਵੰਡ, ਪੱਖਪਾਤੀ ਸਿਆਸਤ ਤੇ ਕੱਟੜਵਾਦ ਨੂੰ ਹੁਲਾਰਾ ਦੇਣ ਵਾਲੀਆਂ ਤਾਕਤਾਂ ਹੋਰ ਸਰਗਰਮ ਹੋ ਗਈਆਂ ਹਨ। ਸੋਨੀਆ ਨੇ ਕਿਹਾ ਕਿ ‘ਉਨ੍ਹਾਂ ਨੂੰ ਸੱਤਾਧਾਰੀਆਂ ਦੀ ਵੀ ਸ਼ਹਿ ਮਿਲ ਰਹੀ ਹੈ।’ ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਰਾਜੀਵ ਗਾਂਧੀ ਦੇ ਜੀਵਨ ਦਾ ਅੰਤ ‘ਬਹੁਤ ਬੇਰਹਿਮ ਢੰਗ ਨਾਲ ਹੋਇਆ ਸੀ’, ਪਰ ਉਨ੍ਹਾਂ ਦੇਸ਼ ਦੀ ਸੇਵਾ ਵਿਚ ਬਿਤਾਏ ਥੋੜ੍ਹੇ ਸਮੇਂ ’ਚ ਹੀ ਵੱਡੀਆਂ ਪ੍ਰਾਪਤੀਆਂ ਕੀਤੀਆਂ। ਸੋਨੀਆ ਨੇ ਕਿਹਾ ਕਿ ਰਾਜੀਵ ਗਾਂਧੀ ਮਹਿਲਾਵਾਂ ਨੂੰ ਮਜ਼ਬੂਤ ਕਰਨ ਦਾ ਬਹੁਤ ਪੱਖ ਪੂਰਦੇ ਸਨ, ਇਸੇ ਲਈ ਉਨ੍ਹਾਂ ਪੰਚਾਇਤੀ ਰਾਜ ਸੰਸਥਾਵਾਂ ਵਿਚ ਔਰਤਾਂ ਨੂੰ 33 ਪ੍ਰਤੀਸ਼ਤ ਰਾਖਵਾਂਕਰਨ ਦਿੱਤਾ। ਇਸ ਤੋਂ ਇਲਾਵਾ ਵੋਟਿੰਗ ਦੀ ਉਮਰ 21 ਤੋਂ 18 ਸਾਲ ਕੀਤੀ। ਕਾਂਗਰਸ ਪ੍ਰਧਾਨ ਖੜਗੇ ਨੇ ਇਸ ਮੌਕੇ ਕਿਹਾ ਕਿ ਅੱਜਕਲ੍ਹ ਕਈ ਲੋਕ ਰਾਜੀਵ ਗਾਂਧੀ ਦੀਆਂ ਪ੍ਰਾਪਤੀਆਂ ਨੂੰ ਘੱਟ ਕਰ ਕੇ ਦਿਖਾਉਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ ਨੂੰ 401 ਲੋਕ ਸਭਾ ਸੀਟਾਂ ਦੇ ਰੂਪ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਬਹੁਮਤ ਮਿਲਿਆ ਸੀ, ਪਰ ਉਨ੍ਹਾਂ ਵਿਰੋਧੀ ਧਿਰਾਂ ਸਣੇ ਸਾਰਿਆਂ ਨੂੰ ਬਰਾਬਰ ਅਹਿਮੀਅਤ ਦਿੱਤੀ। ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ ਦੇ ਕਾਰਜਕਾਲ ਦੌਰਾਨ ਕਈ ਬਿੱਲ ਢੁੱਕਵੀਂ ਵਿਚਾਰ-ਚਰਚਾ ਤੋਂ ਬਾਅਦ ਪਾਸ ਹੋਏ, ਜਦਕਿ ਅਜੋਕੇ ਸਮੇਂ ਕਈ ਬਿੱਲ ਬਿਨਾਂ ਚਰਚਾ ਤੋਂ ਹੀ ਪਾਸ ਕਰ ਦਿੱਤੇ ਜਾਂਦੇ ਹਨ। -ਪੀਟੀਆਈ