ਨਵੀਂ ਦਿੱਲੀ: ਚੋਣ ਕਮਿਸ਼ਨਰ ਰਾਜੀਵ ਕੁਮਾਰ ਨੂੰ ਅਗਲਾ ਮੁੱਖ ਚੋਣ ਕਮਿਸ਼ਨਰ (ਸੀਈਸੀ) ਨਿਯੁਕਤ ਕੀਤਾ ਗਿਆ ਹੈ। ਕਾਨੂੰਨ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਕੁਮਾਰ 15 ਮਈ ਨੂੰ ਅਹੁਦਾ ਸੰਭਾਲਣਗੇ। ਉਹ ਸੁਸ਼ੀਲ ਚੰਦਰਾ ਦੀ ਥਾਂ ਲੈਣਗੇ, ਜਿਨ੍ਹਾਂ ਦਾ ਸੀਈਸੀ ਵਜੋਂ ਕਾਰਜਕਾਲ 14 ਮਈ ਨੂੰ ਖ਼ਤਮ ਹੋ ਰਿਹਾ ਹੈ। ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਆਪਣੇ ਟਵਿੱਟਰ ਹੈਂਡਲ ’ਤੇ ਨੋਟੀਫਿਕੇਸ਼ਨ ਤੇ ਪ੍ਰੈੱਸ ਨੋਟ ਪਾਉਂਦਿਆਂ ਕੁਮਾਰ ਨੂੰ ਇਸ ਨਵੀਂ ਨਿਯੁਕਤੀ ਲਈ ਵਧਾਈ ਦਿੱਤੀ ਹੈ। ਕੁਮਾਰ, ਜਿਨ੍ਹਾਂ ਦਾ ਜਨਮ ਸਾਲ 1960 ਹੈ, ਦਾ ਮੁੱਖ ਚੋਣ ਕਮਿਸ਼ਨਰ ਵਜੋਂ ਕਾਰਜਕਾਲ ਫਰਵਰੀ 2025 ਦੇ ਮੱਧ ਵਿੱਚ ਖ਼ਤਮ ਹੋਵੇਗਾ। ਉਨ੍ਹਾਂ ਦੀ ਨਿਗਰਾਨੀ ਵਿੱਚ ਰਾਸ਼ਟਰਪਤੀ ਤੇ ਉਪ ਰਾਸ਼ਟਪਰਤੀ ਦੀਆਂ ਚੋਣਾਂ ਤੋਂ ਇਲਾਵਾ 2024 ਦੀਆਂ ਲੋਕ ਸਭਾ ਚੋਣਾਂ ਤੇ ਕਈ ਅਸੈਂਬਲੀ ਚੋਣਾਂ ਹੋਣਗੀਆਂ। ਚੋਣ ਕਮਿਸ਼ਨਰ ਵਜੋਂ ਨਿਯੁਕਤੀ ਤੋਂ ਪਹਿਲਾਂ ਕੁਮਾਰ ਪਬਲਿਕ ਐਂਟਰਪ੍ਰਾਈਜ਼ਿਜ਼ ਚੋਣ ਬੋਰਡ (ਪੀਈਐੱਸਬੀ) ਵਿੱਚ ਚੇਅਰਪਰਸਨ ਸਨ। ਉਨ੍ਹਾਂ ਪਹਿਲੀ ਸਤੰਬਰ 2020 ਨੂੰ ਚੋਣ ਕਮਿਸ਼ਨਰ ਦਾ ਅਹੁਦਾ ਸੰਭਾਲਿਆ ਸੀ। ਉਨ੍ਹਾਂ ਨੂੰ ਅਸ਼ੋਕ ਲਵਾਸਾ ਦੀ ਥਾਂ ਲਾਇਆ ਗਿਆ ਸੀ, ਜਿਨ੍ਹਾਂ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਕੁਮਾਰ 1984 ਬੈਚ ਦੇ ਬਿਹਾਰ/ਝਾਰਖੰਡ ਕੇਡਰ ਦੇ ਆਈਏਐੱਸ ਅਧਿਕਾਰੀ ਹਨ ਤੇ ਫਰਵਰੀ 2020 ਵਿੱਚ ਸੇਵਾਵਾਂ ਤੋਂ ਮੁਕਤ ਹੋਏ ਸਨ। -ਪੀਟੀਆਈ