ਨਵੀਂ ਦਿੱਲੀ: ਸਾਬਕਾ ਵਿੱਤ ਸਕੱਤਰ ਰਾਜੀਵ ਕੁਮਾਰ ਨੇ ਅੱਜ 25ਵੇਂ ਮੁੱਖ ਚੋਣ ਕਮਿਸ਼ਨਰ (ਸੀਈਸੀ) ਵਜੋਂ ਅਹੁਦਾ ਸੰਭਾਲ ਲਿਆ ਹੈ। ਨਵੇਂ ਸੀਈਸੀ ਦੇ ਸਾਹਮਣੇ ਪਹਿਲੀ ਵੱਡੀ ਚੁਣੌਤੀ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀਆਂ ਚੋਣਾਂ ਕਰਵਾਉਣਾ ਹੋਵੇਗਾ, ਜੋ ਜਲਦੀ ਹੀ ਹੋਣ ਵਾਲੀਆਂ ਹਨ। ਅਹੁਦਾ ਸੰਭਾਲਣ ਮਗਰੋਂ ਰਾਜੀਵ ਕੁਮਾਰ ਨੇ ਕਿਹਾ ਕਿ ਕਮਿਸ਼ਨ ਵੱਲੋਂ ਚੋਣ ਸੁਧਾਰਾਂ ਲਈ ਵਿਚਾਰ-ਵਟਾਂਦਰੇ ਅਤੇ ਸਰਬਸੰਮਤੀ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਅਤੇ ਕਮਿਸ਼ਨ ਸਖ਼ਤ ਫ਼ੈਸਲੇ ਲੈਣ ਤੋਂ ਪਿੱਛੇ ਨਹੀਂ ਹਟੇਗਾ। ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਜੁਲਾਈ-ਅਗਸਤ ਵਿੱਚ ਹੋਣਗੀਆਂ। ਇਸ ਤੋਂ ਇਲਾਵਾ 2024 ਦੀਆਂ ਲੋਕ ਸਭਾ ਅਤੇ ਕਈ ਵਿਧਾਨ ਸਭਾ ਚੋਣਾਂ ਰਾਜੀਵ ਕੁਮਾਰ ਦੀ ਨਿਗਰਾਨੀ ਹੇਠ ਹੋਣਗੀਆਂ, ਉਨ੍ਹਾਂ ਦਾ ਕਾਰਜਕਾਲ ਫਰਵਰੀ, 2025 ਤੱਕ ਹੈ। ਰਾਜੀਵ ਕੁਮਾਰ ਪਹਿਲੀ ਸਤੰਬਰ, 2020 ਤੋਂ ਚੋਣ ਕਮਿਸ਼ਨਰ ਵਜੋਂ ਚੋਣ ਪੈਨਲ ਦਾ ਹਿੱਸਾ ਸਨ ਅਤੇ ਉਹ ਵੀਰਵਾਰ ਨੂੰ ਮੁੱਖ ਚੋਣ ਕਮਿਸ਼ਨਰ ਨਿਯੁਕਤ ਹੋਏ ਸਨ। ਉਹ ਸੁਸ਼ੀਲ ਚੰਦਰਾ ਦੀ ਥਾਂ ਆਏ ਹਨ, ਜੋ ਸ਼ਨਿਚਰਵਾਰ ਨੂੰ ਸੇਵਾਮੁਕਤ ਹੋ ਗਏ ਸਨ। ਮੁੱਖ ਚੋਣ ਕਮਿਨਸ਼ਰ ਰਾਜੀਵ ਕੁਮਾਰ ਨੇ ਕਿਹਾ ਕਿ ਉਹ ਭਾਰਤੀ ਸੰਵਿਧਾਨ ਵੱਲੋਂ ਦਿੱਤੀਆਂ ਗਈਆਂ ਸਭ ਤੋਂ ਉੱਤਮ ਸੰਸਥਾਵਾਂ ਵਿੱਚੋਂ ਇੱਕ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਮਿਲਣ ’ਤੇ ਸਨਮਾਨਿਤ ਮਹਿਸੂਸ ਕਰਦੇ ਹਨ, ਇਹ ਇੱਕ ਅਜਿਹੀ ਸੰਸਥਾ ਹੈ ਜੋ ਲੋਕਤੰਤਰ ਨੂੰ ਮਜ਼ਬੂਤ ਕਰਦੀ ਹੈ। ਉਨ੍ਹਾਂ ਕਿਹਾ, ‘‘ਕਮਿਸ਼ਨ ਕੋਈ ਵੀ ਵੱਡਾ ਸੁਧਾਰ ਲਿਆਉਣ ਲਈ ਆਮ ਸਹਿਮਤੀ ਬਣਾਉਣ ਅਤੇ ਲੰਮੇ ਸਮੇਂ ਤੋਂ ਚੱਲ ਰਹੀਆਂ ਲੋਕਤੰਤਰਿਕ ਪ੍ਰਣਾਲੀਆਂ ਦਾ ਪਾਲਣ ਕਰੇਗਾ।’’ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਚੋਣ ਕਮਿਸ਼ਨ ਸਖ਼ਤ ਫ਼ੈਸਲੇ ਲੈਣ ਤੋਂ ਪਿੱਛੇ ਨਹੀਂ ਹਟੇਗਾ। -ਪੀਟੀਆਈ