ਨਵੀਂ ਦਿੱਲੀ, 12 ਜੂਨ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਰੱਖਿਆ ਮੰਤਰਾਲੇ ਵੱਲੋਂ ਜੰਗਾਂ ਦੇ ਇਤਿਹਾਸ ਦੇ ਸੰਗ੍ਰਹਿ, ਉਨ੍ਹਾਂ ਨੂੰ ਜਨਤਕ ਕਰਨ ਤੇ ਉਨ੍ਹਾਂ ਦੇ ਸੰਕਲਨ ਸਬੰਧੀ ਨੀਤੀ ਨੂੰ ਮਨਜ਼ੂਰੀ ਦਿੱਤੀ ਹੈ। ਰੱਖਿਆ ਮੰਤਰਾਲੇ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ, ‘‘ਜੰਗ ਸਬੰਧੀ ਇਤਿਹਾਸ ਦੇ ਸਮੇਂ ਸਿਰ ਪ੍ਰਕਾਸ਼ਨ ਨਾਲ ਲੋਕਾਂ ਨੂੰ ਘਟਨਾਵਾਂ ਦਾ ਸਹੀ ਵੇਰਵਾ ਮਿਲੇਗਾ, ਅਕਾਦਮਿਕ ਖੋਜ ਲਈ ਪ੍ਰਮਾਣਿਕ ਸਮੱਗਰੀ ਮੁਹੱਈਆ ਹੋਵੇਗੀ ਅਤੇ ਇਸ ਨਾਲ ਗੈਰ-ਜ਼ਰੂਰੀ ਅਫ਼ਵਾਹਾਂ ਨੂੰ ਫੈਲਣ ਤੋਂ ਰੋਕਿਆ ਜਾ ਸਕੇਗਾ।’’ ਨੀਤੀ ਅਨੁਸਾਰ ਰੱਖਿਆ ਮੰਤਰਾਲੇ ਅਧੀਨ ਆਉਣ ਵਾਲੀਆਂ ਸੰਸਥਾਵਾਂ ਜਿਵੇਂ ਕਿ ਤਿੰਨੋਂ ਸੈਨਾਵਾਂ, ਇੰਟੀਗ੍ਰੇਟਿਡ ਡਿਫੈਂਸ ਸਟਾਫ਼, ਅਸਾਮ ਰਾਈਫਲਜ਼ ਤੇ ਭਾਰਤੀ ਤੱਟ ਰੱਖਿਅਕ ਜੰਗ ਸਬੰਧੀ ਡਾਇਰੀਆਂ, ਫ਼ੌਜੀ ਕਾਰਵਾਈ ਸਬੰਧੀ ਹੋਇਆ ਪੱਤਰ-ਵਿਹਾਰ ਅਤੇ ਆਪ੍ਰੇਸ਼ਨਲ ਰਿਕਾਰਡ ਬੁੱਕਸ ਸਮੇਤ ਸਾਰਾ ਰਿਕਾਰਡ ਰੱਖਿਆ ਮੰਤਰਾਲੇ ਦੀ ਇਤਿਹਾਸ ਡਿਵੀਜ਼ਨ ਨੂੰ ਸੌਂਪ ਦੇਣਗੇ। -ਪੀਟੀਆਈ