ਨਵੀਂ ਦਿੱਲੀ, 9 ਜੂਨ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਅਤਨਾਮ ਨੂੰ ਪਾਣੀਆਂ ਦੀ ਰਾਖੀ ਤੇ ਨਿਗਰਾਨੀ ਲਈ 12 ਹਾਈ-ਸਪੀਡ ਗਾਰਡ ਕਿਸ਼ਤੀਆਂ ਸੌਂਪੀਆਂ ਹਨ। ਭਾਰਤ ਵੱਲੋਂ ਦੱਖਣ ਪੂਰਬੀ ਏਸ਼ਿਆਈ ਮੁਲਕ ਨੂੰ 10 ਕਰੋੜ ਅਮਰੀਕੀ ਡਾਲਰ ਦੇ ਦਿੱਤੇ ਕਰਜ਼ੇ ਤਹਿਤ ਇਨ੍ਹਾਂ ਕਿਸ਼ਤੀਆਂ ਦਾ ਨਿਰਮਾਣ ਕੀਤਾ ਗਿਆ ਹੈ। ਹਾਂਗ ਹਾ ਸ਼ਿਪਯਾਰਡ ਵਿੱਚ ਇਕ ਰਸਮੀ ਸਮਾਗਮ ਦੌਰਾਨ ਸਿੰਘ ਨੇ ਇਹ ਕਿਸ਼ਤੀਆਂ ਵੀਅਤਨਾਮ ਦੇ ਹਵਾਲੇ ਕੀਤੀਆਂ। ਭਾਰਤ ਨੇ ਇਹ ਪੇਸ਼ਕਦਮੀ ਅਜਿਹੇ ਮੌਕੇ ਕੀਤੀ ਹੈ ਜਦੋਂਕਿ ਦੋਵੇੇਂ ਮੁਲਕ ਦੱਖਣੀ ਚੀਨ ਸਾਗਰ ਖੇਤਰ ਵਿੱਚ ਪੇੇਈਚਿੰਗ ਦੀ ਵਧਦੀ ਫੌਜੀ ਹੱਠਧਰਮੀ ਦੇ ਟਾਕਰੇ ਲਈ ਸਾਗਰੀ ਸੁਰੱਖਿਆ ਸਹਿਯੋਗ ਨੂੰ ਵਧਾਉਣ ਦੀ ਦਿਸ਼ਾ ’ਚ ਅੱਗੇ ਵਧ ਰਹੇ ਹਨ। ਰਾਜਨਾਥ ਸਿੰਘ 8 ਤੋ 10 ਜੂਨ ਤੱਕ ਵੀਅਤਨਾਮ ਦੀ ਤਿੰਨ ਰੋਜ਼ਾ ਫੇਰੀ ’ਤੇ ਹਨ।
ਰਾਜਨਾਥ ਸਿੰਘ ਨੇ ਸਮਾਗਮ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਇਸ ਇਤਿਹਾਸਕ ਸਮਾਗਮ ਵਿੱਚ ਸ਼ਾਮਲ ਹੋ ਕੇ ਵੱਡੀ ਖ਼ੁਸ਼ੀ ਮਿਲੀ ਹੈ। ਵੀਅਤਨਾਮ ਨੂੰ ਦਿੱਤੀਆਂ 12 ਕਿਸ਼ਤੀਆਂ ’ਚੋਂ ਸ਼ੁਰੂਆਤ ਵਿੱਚ ਪੰਜ ਭਾਰਤ ਵਿੱਚ ਐੱਲਐਂਡਟੀ ਸ਼ਿਪਯਾਰਡ ਵਿੱਚ ਤਿਆਰ ਕੀਤੀਆਂ ਗਈਆਂ ਸਨ ਜਦੋਂਕਿ ਬਾਕੀ ਦਾ ਨਿਰਮਾਣ ਹਾਂਗ ਹਾ ਗੋਦੀ ਵਿੱਚ ਹੋਇਆ। ਸਿੰਘ ਨੇ ਕਿਹਾ, ‘‘ਮੈਨੂੰ ਯਕੀਨ ਹੈ ਕਿ ਭਾਰਤ ਤੇ ਵੀਅਤਨਾਮ ਵਿਚਾਲੇ ਰੱਖਿਆ ਸਹਿਯੋਗ ਨਾਲ ਜੁੜੇ ਹੋਰ ਕੋਈ ਪ੍ਰਾਜੈਕਟ ਸਫ਼ਲਤਾਪੂਰਵਕ ਸਿਰੇ ਚੜ੍ਹਨਗੇ। ਇਹ ਪ੍ਰਾਜੈਕਟ ਸਾਡੇ ‘ਮੇਕ ਇਨ ਇੰਡੀਆ-ਮੇਕ ਫਾਰ ਦਿ ਵਰਲਡ ਮਿਸ਼ਨ’ ਲਈ ਉੱਜਲ ਮਿਸਾਲ ਹੈ।’’
ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਨੂੰ ‘ਵੱਡੀ ਖ਼ੁਸ਼ੀ’ ਹੋਵੇਗੀ ਜੇਕਰ ‘ਵੀਅਤਨਾਮ ਜਿਹੇ ਗੂੜੇ ਦੋਸਤ’ ਰੱਖਿਆ ਉਤਪਾਦਨ ਸੈਕਟਰ ਵਿੱਚ ਭਾਰਤ ਦੀ ਕਾਇਆਕਲਪ ਦਾ ਹਿੱਸਾ ਬਣਨ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਬਾਵਜੂਦ ਇਸ ਪ੍ਰਾਜੈਕਟ ਦਾ ਸਫ਼ਲਤਾਪੂਰਵਕ ਨੇਪਰੇ ਚੜ੍ਹਨਾ, ਰੱਖਿਆ ਉਤਪਾਦਨ ਸੈਕਟਰ ਵਿੱਚ ਭਾਰਤ ਦੀ ਵਚਨਬੱਧਤਾ ਤੇ ਪੇਸ਼ੇਵਰ ਮਹੱਤਤਾ ਦਾ ਪਰਛਾਵਾਂ ਹੈ। ਸਿੰਘ ਨੇ ਕਿਹਾ ਕਿ ਆਤਮਨਿਰਭਰ ਭਾਰਤ ਤਹਿਤ ਭਾਰਤੀ ਰੱਖਿਆ ਸਨਅਤ ਦੀਆਂ ਸਮਰਥਾਵਾਂ ਮਜ਼ਬੂਤ ਹੋਈਆਂ ਹਨ। -ਪੀਟੀਆਈ