ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਸੰਸਦ ਦੇ ਆਗਾਮੀ ਸੈਸ਼ਨ ਲਈ ਸਦਨ ਦੀ ਰਣਨੀਤੀ ਘੜਨ ਵਾਸਤੇ ਸੀਨੀਅਰ ਮੰਤਰੀਆਂ ਦੀ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਸੈਸ਼ਨ ਵਿੱਚ ਜਿੱਥੇ ਨਵੇਂ ਲੋਕ ਸਭਾ ਸਪੀਕਰ ਦੀ ਚੋਣ ਹੋਵੇਗੀ, ਉਥੇ ਰਾਸ਼ਟਰਪਤੀ ਦਰੋਪਦੀ ਮੁਰਮੂ ਐੱਨਡੀਏ ਸਰਕਾਰ ਦਾ ਅਗਲੇ ਪੰਜ ਸਾਲ ਦਾ ਨਜ਼ਰੀਆ ਦੇਸ਼ ਸਾਹਮਣੇ ਰੱਖਣਗੇ। ਰਾਜਨਾਥ ਦੀ ਅਧਿਕਾਰਿਤ ਰਿਹਾਇਸ਼ ’ਤੇ ਹੋਈ ਮੀਟਿੰਗ ਵਿੱਚ ਕੇਂਦਰੀ ਮੰਤਰੀ ਐੱਸ ਜੈਸ਼ੰਕਰ, ਮਨੋਹਰ ਲਾਲ ਖੱਟਰ, ਭੁਪੇਂਦਰ ਯਾਦਵ, ਪਿਯੂਸ਼ ਗੋਇਲ, ਧਰਮੇਂਦਰ ਪ੍ਰਧਾਨ, ਕਿਰਨ ਰਿਜਿਜੂ ਅਤੇ ਅੰਨਪੂਰਨਾ ਦੇਵੀ ਸ਼ਾਮਲ ਸਨ। ਮੰਨਿਆ ਜਾਂਦਾ ਹੈ ਕਿ ਰੱਖਿਆ ਮੰਤਰੀ ਨੇ 27 ਜੂਨ ਨੂੰ ਸੰਸਦ ਦੇ ਦੋਵਾਂ ਸਦਨਾਂ ਦੇ ਸਾਂਝੇ ਸੈਸ਼ਨ ਵਿੱਚ ਰਾਸ਼ਟਰਪਤੀ ਦੇ ਭਾਸ਼ਨ ਲਈ ਐੱਨਡੀਏ ਦੇ ਮੈਂਬਰ ਦਲਾਂ ਸਮੇਤ ਸੀਨੀਅਰ ਮੰਤਰੀਆਂ ਤੋਂ ਸੁਝਾਅ ਮੰਗੇ। ਇਸ ਦੌਰਾਨ ਲੋਕ ਸਭਾ ਸਪੀਕਰ ਤੇ ਡਿਪਟੀ ਸਪੀਕਰ ਦੇ ਅਹੁਦੇ ਦੇ ਸੰਭਾਵਿਤ ਉਮੀਦਵਾਰਾਂ ਬਾਰੇ ਵੀ ਚਰਚਾ ਕੀਤੀ ਗਈ। 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ 24 ਜੂਨ ਨੂੰ ਸ਼ੁਰੂ ਹੋ ਰਿਹਾ ਹੈ। ਦੋਵਾਂ ਸਦਨਾਂ ਵਿੱਚ 28 ਜੂਨ ਨੂੰ ਰਾਸ਼ਟਰਪਤੀ ਦੇ ਭਾਸ਼ਨ ਬਾਰੇ ਧੰਨਵਾਦੀ ਮਤੇ ’ਤੇ ਚਰਚਾ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 2-3 ਜੁਲਾਈ ਨੂੰ ਚਰਚਾ ਦਾ ਜਵਾਬ ਦੇ ਸਕਦੇ ਹਨ। -ਪੀਟੀਆਈ