ਨਵੀਂ ਦਿੱਲੀ, 2 ਨਵੰਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਰਾਸ਼ਟਰੀ ਸੁਰੱਖਿਆ ਅਤੇ ਖੁਸ਼ਹਾਲੀ ਲਈ ਸਾਗਰੀ ਸੁਰੱਖਿਆ ਯਕੀਨੀ ਬਣਾਉਣ ਲਈ ਭਾਰਤੀ ਜਲ ਸੈਨਾ ਦੀ ਸ਼ਲਾਘਾ ਕੀਤੀ ਹੈ। ਸਿੰਘ ਨੇ ਸੋਮਵਾਰ ਨੂੰ ਸ਼ੁਰੂ ਹੋਏ ਚਾਰ ਦਿਨਾ ਸੰਮੇਲਨ ਵਿੱਚ ਚੋਟੀ ਦੇ ਜਲ ਸੈਨਾ ਕਮਾਂਡਰਾਂ ਨਾਲ ਗੱਲਬਾਤ ਕਰਦੇ ਹੋਏ ਇਹ ਟਿੱਪਣੀ ਕੀਤੀ। ਜਲ ਸੈਨਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਰੱਖਿਆ ਮੰਤਰੀ ਨੇ ਜਲਸੈਨਾ ਦੇ ਕਮਾਂਡਰਾਂ ਨੂੰ ਸਾਗਰੀ ਖੇਤਰ ’ਚ ਉਭਰ ਰਹੀਆਂ ਚੁਣੌਤੀਆਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਟਾਕਰੇ ਲਈ ਭਵਿੱਖ ਦੀ ਸਮਰੱਥਾ ਵਿਕਾਸ ’ਤੇ ਧਿਆਨ ਦੇਣ ਲਈ ਕਿਹਾ ਹੈ। ਬਿਆਨ ਅਨੁਸਾਰ, ਉਨ੍ਹਾਂ ਭਾਰਤ ਦੇ ਪਹਿਲੇ ਸਵਦੇਸ਼ੀ ਤੌਰ ’ਤੇ ਡਿਜ਼ਾਈਨ ਕੀਤੇ ਅਤੇ ਨਿਰਮਿਤ ਏਅਰਕ੍ਰਾਫਟ ਕੈਰੀਅਰ ਆਈਐੱਨਐੱਸ ਵਿਕਰਾਂਤ ਨੂੰ ਫਲੀਟ ਵਿੱਚ ਸਫਲਤਾਪੂਰਵਕ ਸ਼ਾਮਲ ਕਰਨ ਅਤੇ ਇੱਕ ਨਵਾਂ ਜਲਸੈਨਾ ਝੰਡਾ ਅਪਣਾਉਣ ਲਈ ਵਧਾਈ ਦਿੱਤੀ। ਸਿੰਘ ਨੇ ਹਾਲ ਹੀ ਦੇ ਸਾਲਾਂ ਵਿੱਚ ਸਵਦੇਸ਼ੀਕਰਨ ਅਤੇ ਨਵੀਨਤਾ ਲਈ ਜਲਸੈਨਾ ਦੇ ਯਤਨਾ ਦੀ ਵੀ ਸ਼ਲਾਘਾ ਕੀਤੀ। -ਪੀਟੀਆਈ