ਟ੍ਰਿਬਿਊਨ ਨਿਊਜ਼ ਸਰਵਿਸ
ਮਾਸਕੋ, 5 ਸਤੰਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੀ ਬੈਠਕ ਦੇ ਦੌਰਾਨ ਮਾਸਕੋ ਵਿੱਚ ਸਟੇਟ ਕੌਂਸਲਰ ਅਤੇ ਚੀਨ ਦੇ ਰੱਖਿਆ ਮੰਤਰੀ ਜਨਰਲ ਵੇਈ ਫੇਂਘੇ ਨਾਲ ਗੱਲਬਾਤ ਕੀਤੀ। ਦੋਵਾਂ ਮੰਤਰੀਆਂ ਨੇ ਭਾਰਤ-ਚੀਨ ਸਰਹੱਦੀ ਖੇਤਰਾਂ ਦੀਆਂ ਘਟਨਾਵਾਂ ਤੇ ਦੋਵਾਂ ਦੇਸ਼ਾਂ ਦੇ ਸਬੰਧਾਂ ’ਤੇ ਸਪੱਸ਼ਟ ਅਤੇ ਡੂੰਘਾਈ ਨਾਲ ਵਿਚਾਰ ਵਟਾਂਦਰੇ ਕੀਤੇ। ਸ੍ਰੀ ਰਾਜਨਾਥ ਸਿੰਘ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਭਾਰਤ-ਚੀਨ ਸਰਹੱਦੀ ਖੇਤਰਾਂ ਦੇ ਪੱਛਮੀ ਸੈਕਟਰ ਵਿੱਚਅਸਲ ਕੰਟਰੋਲ ਰੇਖਾ (ਐਲਏਸੀ) ’ਤੇ ਭਾਰਤ ਦੇ ਰੁਖ਼ ਨੂੰ ਸਪਸ਼ਟ ਕੀਤਾ। ਭਾਰਤੀ ਰੱਖਿਆ ਮੰਤਰੀ ਨੇ ਚੀਨੀ ਸੈਨਿਕਾਂ ਦੀਆਂ ਕਾਰਵਾਈਆਂ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਸੈਨਿਕਾਂ ਨੂੰ ਇਕੱਤਰ ਕਰਨਾ, ਉਨ੍ਹਾਂ ਦੇ ਹਮਲਾਵਰ ਵਿਵਹਾਰ ਅਤੇ ਇਕਪਾਸੜ ਸਥਿਤੀ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਦੁਵੱਲੇ ਸਮਝੌਤਿਆਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਫੌਜਾਂ ਨੇ ਹਮੇਸ਼ਾਂ ਸਰਹੱਦੀ ਮਾਮਲਿਆਂ ਵਿੱਚਤੀ ਬਹੁਤ ਜ਼ਿੰਮੇਵਾਰ ਪਹੁੰਚ ਅਪਣਾਈ ਹੈ ਪਰ ਨਾਲ ਹੀ ਕਿਹਾ ਕਿ ਭਾਰਤੀ ਫੌਜ ਦੇਸ਼ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਕਰਨ ਤਿਆਰ ਹੈ। ਸ੍ਰੀ ਵੇਈ ਫੇਂਘੇ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਰਮਿਆਨ ਹੋਈ ਸਹਿਮਤੀ ਨੂੰ ਗੰਭੀਰਤਾ ਨਾਲ ਲਾਗੂ ਕਰਨਾ ਚਾਹੀਦਾ ਹੈ। ਚੀਨ ਦੇ ਰੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਗੱਲਬਾਤ ਅਤੇ ਸਲਾਹ ਮਸ਼ਵਰੇ ਰਾਹੀਂ ਮੁੱਦਿਆਂ ਨੂੰ ਹੱਲ ਕਰਨਾ ਜਾਰੀ ਰੱਖਣਾ ਚਾਹੀਦਾ ਹੈ। ਵੱਖ-ਵੱਖ ਦੁਵੱਲੇ ਸਮਝੌਤਿਆਂ ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ, ਫਰੰਟਲਾਈਨ ਫੌਜਾਂ ਦੇ ਨਿਯਮ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਅਤੇ ਅਜਿਹੀਆਂ ਭੜਕਾਊ ਕਾਰਵਾਈਆਂ ਨਹੀਂ ਕਰਨੀਆਂ ਚਾਹੀਦੀਆਂ ਜੋ ਸਥਿਤੀ ਨੂੰ ਵਿਗਾੜ ਦੇਣ।
ਊਜ਼ਬੇਕਿਸਤਾਨ, ਕਜ਼ਾਖ਼ਸਤਾਨ ਅਤੇ ਤਜ਼ਾਕਿਸਤਾਨ ਨਾਲ ਰੱਖਿਆ ਸਬੰਧ ਵਿਚਾਰੇਮਾਸਕੋ, 5 ਸਤੰਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨਿਚਰਵਾਰ ਨੂੰ ਊਜ਼ਬੇਕਿਸਤਾਨ, ਕਜ਼ਾਖ਼ਸਤਾਨ ਅਤੇ ਤਾਜ਼ਾਕਿਸਤਾਨ ਦੇ ਹਮਰੁਤਬਾ ਨਾਲ ਇਥੇ ਮੁਲਾਕਾਤ ਕੀਤੀ ਅਤੇ ਊਨ੍ਹਾਂ ਨਾਲ ਦੁਵੱਲੇ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਊਣ ਬਾਰੇ ਵਿਚਾਰ ਵਟਾਂਦਰਾ ਕੀਤਾ। ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ) ਦੇ ਰੱਖਿਆ ਮੰਤਰੀਆਂ ਦੀ ਇਥੇ ਚੱਲ ਰਹੀ ਮੀਟਿੰਗ ਦੌਰਾਨ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਚੀਨੀ ਹਮਰੁਤਬਾ ਜਨਰਲ ਵੇਈ ਫੈਂਗ ਨਾਲ ਮੁਲਾਕਾਤ ਕਰ ਕੇ ਪੂਰਬੀ ਲੱਦਾਖ ’ਚ ਸਰਹੱਦ ’ਤੇ ਦੋਵੇਂ ਮੁਲਕਾਂ ਵਿਚਕਾਰ ਤਣਾਅ ਘਟਾਊਣ ਦੇ ਤਰੀਕਿਆਂ ਬਾਰੇ ਗੱਲਬਾਤ ਕੀਤੀ ਸੀ। ਰਾਜਨਾਥ ਸਿੰਘ ਨੇ ਊਜ਼ਬੇਕਿਸਤਾਨ ਦੇ ਰੱਖਿਆ ਮੰਤਰੀ ਮੇਜਰ ਜਨਰਲ ਕੁਰਬਾਨੋਵ ਬਖੋਦਿਰ ਨਿਜ਼ਾਮੋਵਿਚ ਨਾਲ ਹੋਈ ਬੈਠਕ ਦਾ ਜ਼ਿਕਰ ਕਰਦਿਆਂ ਟਵੀਟ ’ਚ ਕਿਹਾ ਕਿ ਭਾਰਤ-ਊਜ਼ਬੇਕਿਸਤਾਨ ਦੇ ਦੁਵੱਲੇ ਸੰਬਧਾਂ ’ਚ ਰੱਖਿਆ ਸਹਿਯੋਗ ਅਹਿਮ ਥੰਮ੍ਹ ਹੈ। ਊਨ੍ਹਾਂ ਕਿਹਾ ਕਿ ਕਜ਼ਾਖ਼ਸਤਾਨ ਦੇ ਰੱਖਿਆ ਮੰਤਰੀ ਲੈਫ਼ਟੀਨੈਂਟ ਜਨਰਲ ਨੁਰਲਾਨ ਯੇਰਮੇਬਾਯੇਵ ਅਤੇ ਤਜ਼ਾਕਿਸਤਾਨ ਦੇ ਕਰਨਲ-ਜਨਰਲ ਸ਼ੇਰਾਲੀ ਮਿਰਜ਼ੋ ਨਾਲ ਵੀ ਊਸਾਰੂ ਵਿਚਾਰ-ਵਟਾਂਦਰਾ ਹੋਇਆ। -ਪੀਟੀਆਈ