ਮੁੱਖ ਅੰਸ਼
- ਦਿ ਟ੍ਰਿਬਿਊਨ ਦੇ ਮੁੱਖ ਸੰਪਾਦਕ ਰਾਜੇਸ਼ ਰਾਮਾਚੰਦਰਨ ਵੱਲੋਂ ਸੰਪਾਦਿਤ ਪੁਸਤਕ ’ਚ ਬਹਾਦਰੀ ਪੁਰਸਕਾਰ ਜੇਤੂਆਂ ਸਣੇ ਅਹਿਮ ਲੜਾਈਆਂ ਦੀ ਤਫ਼ਸੀਲ ਦਰਜ
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 6 ਅਪਰੈਲ
ਰੱਖਿਆ ਮੰਤਰੀ ਰਾਜਨਾਥ ਸਿੰਘ 7 ਅਪਰੈਲ ਨੂੰ ‘ਹੀਰੋਜ਼ ਆਫ਼ 1971, ਦਿ ਬ੍ਰੇਵਹਾਰਟਸ ਆਫ਼ ਦਿ ਵਾਰ ਦੈਟ ਗੇਵ ਬਰਥ ਟੂ ਬੰਗਲਾਦੇਸ਼’ ਸਿਰਲੇਖ ਵਾਲੀ ਕਿਤਾਬ ਰਿਲੀਜ਼ ਕਰਨਗੇ। ਇਸ ਮੌਕੇ ਦਿ ਟ੍ਰਿਬਿਊਨ ਟਰੱਸਟ ਦੇ ਤਿੰਨ ਟਰੱਸਟੀ- ਸ੍ਰੀ ਐੱਨ.ਐੱਨ.ਵੋਹਰਾ, ਲੈਫਟੀਨੈਂਟ ਜਨਰਲ (ਸੇਵਾ ਮੁਕਤ) ਐੱਸ.ਐੱਸ.ਮਹਿਤਾ ਤੇ ਗੁਰਬਚਨ ਜਗਤ ਵੀ ਮੌਜੂਦ ਹੋਣਗੇ। ਇਸ ਕਿਤਾਬ ਨੂੰ ‘ਦਿ ਟ੍ਰਿਬਿਊਨ’ ਦੇ ਮੁੱਖ ਸੰਪਾਦਕ ਰਾਜੇਸ਼ ਰਾਮਾਚੰਦਰਨ ਨੇ ਸੰਪਾਦਿਤ ਕੀਤਾ ਹੈ। ਕਿਤਾਬ ਵਿੱਚ 1971 ਦੀ ਜੰਗ ਦੇ ਬਹਾਦਰੀ ਪੁਰਸਕਾਰ ਜੇਤੂਆਂ ਤੇ ਅਹਿਮ ਲੜਾਈਆਂ ਦੀ ਤਫ਼ਸੀਲ ਦੇ ਨਾਲ, ਜੰਗ ਕਿਵੇਂ ਲੜੀ ਗਈ ਤੇ ਕਿਵੇਂ ਪਾਕਿਸਤਾਨ ਨੂੰ ਸ਼ਿਕਸਤ ਦਿੱਤੀ, ਦਾ ਵੇਰਵਾ ਵੀ ਦਰਜ ਹੈ। 1971 ਦੀ ਇਸ ਜੰਗ ਦੌਰਾਨ ਆਖਿਰ ਨੂੰ ਪਾਕਿਸਤਾਨ ਦੇ ਲੈਫਟੀਨੈਂਟ ਜਨਰਲ ਏ.ਏ.ਕੇ. ਨਿਆਜ਼ੀ ਨੇ ਗੋਡੇ ਟੇਕ ਦਿੱਤੇ ਸਨ ਤੇ 93000 ਪਾਕਿਸਤਾਨੀ ਫੌਜੀਆਂ ਨੂੰ ਜੰਗੀ ਕੈਦੀਆਂ ਵਜੋਂ ਹਿਰਾਸਤ ਵਿੱਚ ਲੈ ਗਿਆ ਸੀ। ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਐੱਨ.ਐੱਨ.ਵੋਹਰਾ ਨੇ ਕਿਤਾਬ ਦੀ ਭੂਮਿਕਾ ਲਿਖੀ ਹੈ। ਕਿਤਾਬ ਲਈ ਯੋਗਦਾਨ ਪਾਉਣ ਵਾਲਿਆਂ ਵਿੱਚ ਸਾਬਕਾ ਜਲ ਸੈਨਾ ਮੁਖੀ ਐਡਮਿਰਲ ਅਰੁਣ ਪ੍ਰਕਾਸ਼, ਲੈਫਟੀਨੈਂਟ ਜਨਰਲ ਐੈੱਸ. ਐੱਸ. ਮਹਿਤਾ (ਸੇਵਾਮੁਕਤ), ਲੈਫਟੀਨੈਂਟ ਜਨਰਲ ਆਰ. ਐੱਸ. ਸੁਜਲਾਨਾ (ਸੇਵਾਮੁਕਤ), ਏਅਰ ਵਾਈਸ ਮਾਰਸ਼ਲ ਅਰਜੁਨ ਸੁਬਰਾਮਨੀਅਨ, ਅਬਜ਼ਰਵਰ ਰਿਸਰਚ ਫਾਊਂਡੇਸ਼ਨ ਵਿੱਚ ਉੱਘੇ ਫੈਲੋ ਮਨੋਜ ਜੋਸ਼ੀ, ਸੀਨੀਅਰ ਪੱਤਰਕਾਰ ਸੁਜਨ ਦੱਤਾ ਤੇ ‘ਦਿ ਟ੍ਰਿਬਿਊਨ’ ਦੇ ਡਿਫੈਂਸ ਕੌਰੇਸਪੌਂਡੈਂਟ ਅਜੈ ਬੈਨਰਜੀ ਸ਼ਾਮਲ ਹਨ। ਕਿਤਾਬ ਰਿਲੀਜ਼ ਸਮਾਗਮ ਵੀਰਵਾਰ ਸ਼ਾਮ 6 ਵਜੇ ਨਵੀਂ ਦਿੱਲੀ ਦੇ ਇੰਡੀਆ ਇੰਟਰਨੈਸ਼ਨਲ ਸੈਂਟਰ (ਆਈਆਈਸੀ) ਦੇ ਬਹੁਮੰਤਵੀ ਹਾਲ ਵਿੱਚ ਸ਼ੁਰੂ ਹੋਵੇਗਾ।