ਗਾਂਧੀਨਗਰ, 10 ਜੁਲਾਈ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਗੁਜਰਾਤ ਤੋਂ ਰਾਜ ਸਭਾ ਚੋਣਾਂ ਲਈ ਅੱਜ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਇਸ ਤੋਂ ਬਾਅਦ ਜੈਸ਼ੰਕਰ ਨੇ ਸੰਸਦ ਦੇ ਉਪਰਲੇ ਸਦਨ ਵਿੱਚ ਸੂਬੇ ਦੀ ਨੁਮਾਇੰਦਗੀ ਦਾ ਇੱਕ ਹੋਰ ਮੌਕਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਲੀਡਰਸ਼ਿਪ ਅਤੇ ਗੁਜਰਾਤ ਦੇ ਲੋਕਾਂ ਦਾ ਧੰਨਵਾਦ ਕੀਤਾ। ਵਿਦੇਸ਼ ਮੰਤਰੀ ਨੇ ਗਾਂਧੀਨਗਰ ਵਿੱਚ ਸੂਬਾ ਵਿਧਾਨ ਸਭਾ ਕੰਪਲੈਕਸ ਵਿੱਚ ਰਿਟਰਨਿੰਗ ਅਫ਼ਸਰ ਰੀਟਾ ਮਹਿਤਾ ਕੋਲ ਆਪਣੇ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾਏ। ਇਸ ਮੌਕੇ ਮੁੱਖ ਮੰਤਰੀ ਭੁਪਿੰਦਰ ਪਟੇਲ ਅਤੇ ਭਾਜਪਾ ਦੀ ਗੁਜਰਾਤ ਇਕਾਈ ਦੇ ਪ੍ਰਧਾਨ ਸੀ.ਆਰ. ਪਾਟਿਲ ਵੀ ਉਨ੍ਹਾਂ ਨਾਲ ਮੌਜੂਦ ਸਨ। ਇਸ ਦੌਰਾਨ ਜੈਸ਼ੰਕਰ ਨੇ ਪਾਕਿਸਤਾਨ ਦਾ ਨਾਮ ਲਏ ਬਿਨਾ ਕਿਹਾ ਕਿ ਇੱਕ ਗੁਆਂਢੀ ਦੇਸ਼ ਨੇ ਅਤਿਵਾਦ ਦੀ ਚੁਣੌਤੀ ਖੜ੍ਹੀ ਕੀਤੀ ਹੋਈ ਹੈ ਪਰ ਸਰਕਾਰ ਇਸ ਨੂੰ ਮਜ਼ਬੂਤੀ ਨਾਲ ਨਜਿੱਠ ਰਹੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਮੋਦੀ ਸਰਕਾਰ ਦੇਸ਼ ਨੂੰ ਸੁਰੱਖਿਅਤ ਰੱਖੇਗੀ। -ਪੀਟੀਆਈ
ਟੀਐੱਮਸੀ ਨੇ ਛੇ ਉਮੀਦਵਾਰ ਐਲਾਨੇ
ਨਵੀਂ ਦਿੱਲੀ: ਤ੍ਰਿਣਮੂਲ ਕਾਂਗਰਸ (ਟੀਐੱਮਸੀ) ਨੇ ਆਗਾਮੀ ਰਾਜ ਸਭਾ ਚੋਣਾਂ ਲਈ ਪਾਰਟੀ ਦੇ ਬੁਲਾਰੇ ਡੈਰੇਕ ਓ’ ਬ੍ਰਾਇਨ ਸਮੇਤ ਛੇ ਉਮੀਦਵਾਰਾਂ ਦੇ ਨਾਵਾਂ ਦਾ ਅੱਜ ਐਲਾਨ ਕੀਤਾ ਹੈ। ਹੋਰ ਉਮੀਦਵਾਰਾਂ ਵਿੱਚ ਸੁਖੇਂਦੂ ਸ਼ੇਖਰ ਰਾਏ, ਡੋਲਾ ਸੇਨ, ਬੰਗਲਾ ਸੰਸਕ੍ਰਿਤ ਮੰਚ ਦੇ ਪ੍ਰਧਾਨ ਸਮੀਰੁਲ ਇਸਲਾਮ, ਟੀਐੱਮਸੀ ਦੇ ਅਲੀਪੁਰਦੁਆਰ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਚਿਕ ਬਰਾਇਕ ਅਤੇ ਆਰਟੀਆਈ ਕਾਰਕੁਨ ਤੇ ਟੀਐੱਮਸੀ ਬੁਲਾਰੇ ਸਾਕੇਤ ਗੋਖਲੇ ਸ਼ਾਮਲ ਹਨ। ਭਾਰਤੀ ਚੋਣ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਗੋਆ, ਗੁਜਰਾਤ ਅਤੇ ਪੱਛਮੀ ਬੰਗਾਲ ਦੀਆਂ 10 ਰਾਜ ਸਭਾ ਸੀਟਾਂ ਲਈ 24 ਜੁਲਾਈ ਨੂੰ ਚੋਣਾਂ ਕਰਵਾਈਆਂ ਜਾਣਗੀਆਂ। ਗੋਆ ਦੇ ਸਾਬਕਾ ਮੁੱਖ ਮੰਤਰੀ ਲੁਈਜ਼ੀਨੋ ਫਲੈਰੋ ਦੇ ਅਸਤੀਫ਼ਾ ਦੇਣ ਮਗਰੋਂ ਪੱਛਮੀ ਬੰਗਾਲ ਵਿੱਚ ਸੱਤਵੀਂ ਰਾਜ ਸਭਾ ਸੀਟ ਵੀ ਖ਼ਾਲੀ ਹੋ ਗਈ ਹੈ। ਇਸ ਦੀ ਜ਼ਿਮਨੀ ਚੋਣ ਵੀ 24 ਜੁਲਾਈ ਨੂੰ ਹੋਵੇਗੀ। -ਪੀਟੀਆਈ