ਨਵੀਂ ਦਿੱਲੀ, 1 ਦਸੰਬਰ
ਮੁੱਖ ਅੰਸ਼
- ਸਦਨ ਦੀ ਕਾਰਵਾਈ ਕਈ ਵਾਰ ਮੁਲਤਵੀ
- ਨਾਇਡੂ ਵੱਲੋਂ ਫੈਸਲਾ ਵਾਪਸ ਲੈਣ ਤੋਂ ਇਨਕਾਰ
ਸਰਦ ਰੁੱਤ ਇਜਲਾਸ ਦੇ ਤੀਜੇ ਦਿਨ ਅੱਜ ਰਾਜ ਸਭਾ ਵਿੱਚ ਵਿਰੋਧੀ ਪਾਰਟੀਆਂ ਦੇ 12 ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਲੈ ਕੇ ਮੁੜ ਰੌਲਾ-ਰੱਪਾ ਪਿਆ। ਵਿਰੋਧੀ ਧਿਰਾਂ ਮੁਅੱਤਲੀ ਵਾਪਸ ਲੈਣ ਲਈ ਨਾਅਰੇਬਾਜ਼ੀ ਕਰਦੀਆਂ ਰਹੀਆਂ ਜਿਸ ਕਰਕੇ ਉਪਰਲੇ ਸਦਨ ਦੀ ਕਾਰਵਾਈ ਨੂੰ ਕਈ ਵਾਰ ਮੁਲਤਵੀ ਕਰਨਾ ਪਿਆ। ਸਦਨ ਦੇ ਚੇਅਰਮੈਨ ਐੱਮ.ਵੇੈਂਕਈਆ ਨਾਇਡੂ ਨੇ ਇਕ ਵਾਰ ਫਿਰ 12 ਸੰਸਦ ਮੈਂਬਰਾਂ ਦੀ ਮੁਅੱਤਲੀ ਦੇ ਫੈਸਲੇ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ। ਨਾਇਡੂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਵੱਲੋਂ ਕੋਈ ਵੀ ਗੱਲ ਰਿਕਾਰਡ ਵਿੱਚ ਨਹੀਂ ਜਾਵੇਗੀ ਤੇ ਇਨ੍ਹਾਂ ਵੱਲੋਂ ਸਦਨ ਦੇ ਐਨ ਵਿਚਾਲੇ ਆ ਕੇ ਕੀਤਾ ਜਾਣ ਵਾਲਾ ਵਿਹਾਰ ਪੂਰੇ ਦੇਸ਼ ਨੂੰ ਵੇਖਣ ਦਿਓ।
ਸ਼ਾਮ ਤਿੰਨ ਵਜੇ ਦੇ ਕਰੀਬ ਸਦਨ ਜੁੜਿਆ ਤਾਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਸਦਨ ਦੇ ਐਨ ਵਿਚਾਲੇ ਆ ਕੇ ਨਾਅਰੇਬਾਜ਼ੀ ਕੀਤੀ। ਵਿਰੋਧੀ ਧਿਰਾਂ ਨੇ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਡੈਮਾਂ (ਬੰਨ੍ਹਾਂ) ਦੀ ਸੁਰੱਖਿਆ ਲਈ ਬਿੱਲ ਪੇਸ਼ ਕਰਨ ਤੋਂ ਡੱਕਿਆ। ਉਸ ਮੌਕੇ ਸਦਨ ਦੀ ਕਾਰਵਾਈ ਚਲਾ ਰਹੇ ਭੁਬਨੇਸ਼ਵਰ ਕਾਲਿਤਾ ਨੇ ਨਾਅਰੇਬਾਜ਼ੀ ਕਰ ਰਹੇ ਮੈਂਬਰਾਂ ਨੂੰ ਆਪਣੀਆਂ ਸੀਟਾਂ ’ਤੇ ਬੈਠਣ ਦੀ ਅਪੀਲ ਕਰਦੇ ਰਹੇ। ਇਸ ਤੋਂ ਪਹਿਲਾਂ ਦੁਪਹਿਰ ਨੂੰ ਸਦਨ ਜੁੜਨ ਮੌਕੇ ਡਿਪਟੀ ਚੇਅਰਮੈਨ ਹਰਿਵੰਸ਼ ਨੇ ਨਾਅਰੇਬਾਜ਼ੀ ਕਰ ਰਹੇ ਮੈਂਬਰਾਂ ਨੂੰ ਇਥੋਂ ਤੱਕ ਕਿਹਾ ਕਿ ਉਹ ਸੀਟਾਂ ’ਤੇ ਬੈਠ ਜਾਣ ਤਾਂ ਸਦਨ ਵਿੱਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੂੰ ਮੁਅੱਤਲੀ ਦੇ ਮੁੱਦੇ ’ਤੇ ਬੋਲਣ ਦੀ ਇਜਾਜ਼ਤ ਦਿੱਤੀ ਜਾਵੇਗੀ। ਹਾਲਾਂਕਿ ਸ਼ੇਖਾਵਤ ਵੱਲੋਂ ਡੈਮ ਸੁਰੱਖਿਆ ਬਿੱਲ ਚਰਚਾ ਲਈ ਸਦਨ ਵਿੱਚ ਪੇਸ਼ ਕਰਨ ਮੌਕੇ ਖੜਗੇ ਨੇ ਉਪ ਚੇਅਰਮੈਨ ਤੋਂ ਮੈਂਬਰਾਂ ਦੀ ਮੁਅੱਤਲੀ ਸਬੰਧੀ ਬੋਲਣ ਦੀ ਆਗਿਆ ਮੰਗੀ ਪਰ ਹਰਿਵੰਸ਼ ਨੇ ਨਾਂਹ ਕਰ ਦਿੱਤੀ। ਮੰਤਰੀ(ਗਜੇਂਦਰ) ਨੇ ਜਿਵੇਂ ਹੀ ਬਿੱਲ ’ਤੇ ਬੋਲਣਾ ਸ਼ੁਰੂ ਕੀਤਾ ਤਾਂ ਵਿਰੋਧੀ ਧਿਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਰੌਲਾ ਰੱਪਾ ਘਟਦਾ ਨਾ ਵੇਖ ਸਦਨ ਨੂੰ ਮੁਲਤਵੀ ਕਰ ਦਿੱਤਾ ਗਿਆ। -ਪੀਟੀਆਈ
ਮੁਅੱਤਲੀ ਖਿਲਾਫ਼ ਹੁਣ ਰੋਜ਼ਾਨਾ ਸੰਸਦੀ ਅਹਾਤੇ ’ਚ ਪ੍ਰਦਰਸ਼ਨ ਕਰਨਗੇ ਮੈਂਬਰ
ਨਵੀਂ ਦਿੱਲੀ: ਵਿਰੋਧੀ ਪਾਰਟੀਆਂ ਨੇ ਰਾਜ ਸਭਾ ਦੇ 12 ਮੈਂਬਰਾਂ ਨੂੰ ਮੁਅੱਤਲ ਕਰਨ ਦੇ ਸਰਕਾਰ ਦੇ ਫੈਸਲੇ ਨੂੰ ‘ਤਾਨਾਸ਼ਾਹੀ’ ਕਰਾਰ ਦਿੰਦਿਆਂ ਅੱਜ ਕਿਹਾ ਕਿ ਮੁਅੱਤਲੀ ਦਾ ਫੈਸਲਾ ਵਾਪਸ ਲਏ ਜਾਣ ਤੱਕ ਸਾਰੇ ਸਬੰਧਤ ਮੈਂਬਰ ਸੰਸਦੀ ਅਹਾਤੇ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਹੁਣ ਰੋਜ਼ਾਨਾ ਪ੍ਰਦਰਸ਼ਨ ਕਰਨਗੇ। ਵਿਰੋਧੀ ਪਾਰਟੀਆਂ ਨੇ ਸਾਫ਼ ਕਰ ਦਿੱਤਾ ਕਿ ਉਹ ‘ਲੋਕਾਂ ਦੇ ਮੁੱਦੇ ਚੁੱਕਣ ਦੇ ਇਵਜ਼’ ਵਿੱਚ ਮੁਆਫ਼ੀ ਨਹੀਂ ਮੰਗਣਗੇ। ਮੁਅੱਤਲ ਕੀਤੇ ਸੰਸਦ ਮੈਂਬਰਾਂ ’ਚੋਂ ਇਕ ਰਿਪੁਨ ਬੋਰਾ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਜਿੰਨੀ ਦੇਰ ਇਹ ਗ਼ੈਰਕਾਨੂੰਨੀ ਮੁਅੱਤਲੀ ਵਾਪਸ ਨਹੀਂ ਲਈ ਜਾਂਦੀ, ਸਾਡਾ ਪ੍ਰਦਰਸ਼ਨ ਜਾਰੀ ਰਹੇਗਾ। ਸਾਡੇ ਸੰਸਦ ਮੈਂਬਰ ਲੋਕ ਸਭਾ ਤੇ ਰਾਜ ਸਭਾ ਵਿੱਚ ਪ੍ਰਦਰਸ਼ਨ ਕਰ ਰਹੇ ਹਨ। ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰ ਰੋਜ਼ਾਨਾ ਸਦਨ ਦੇ ਅੰਦਰ ਸਵੇਰੇ 10 ਤੋਂ 11 ਵਜੇ ਤੱਕ ਪ੍ਰਦਰਸ਼ਨ ਕਰਨਗੇ ਤੇ ਇਹ ਅਮਲ ਜਾਰੀ ਰਹੇਗਾ। ਮੁਅੱਤਲ ਕੀਤੇ ਸੰਸਦ ਮੈਂਬਰ ਵੀ ਰੋਜ਼ਾਨਾ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਬੈਠ ਕੇ ਪ੍ਰਦਰਸ਼ਨ ਕਰਨਗੇ।’’ ਬੋਰਾ ਨੇ ਮੁਅੱਤਲੀ ਦੇ ਹੁਕਮ ਨੂੰ ‘ਤਾਨਾਸ਼ਾਹੀ ਰਵੱਈਆ’ ਕਰਾਰ ਦਿੰਦਿਆਂ ਕਿਹਾ ਕਿ ਰਾਜ ਸਭਾ ਚੇਅਰਮੈਨ ਐੱਮ.ਵੈਂਕਈਆ ਨਾਇਡੂ ਨੂੰ ਦੱਸਣਾ ਚਾਹੀਦਾ ਹੈ ਕਿ ਕਿਸਾਨਾਂ ਤੇ ਆਮ ਲੋਕਾਂ ਦੇ ਮੁੱਦੇ ਜਿਵੇਂ ਮਹਿੰਗਾਈ ਅਤੇ ਪੈਗਾਸਸ ਮਾਮਲਾ ਚੁੱਕਣ ਵਾਲੇ ਸੰਸਦ ਮੈਂਬਰਾਂ ਨੂੰ ਕਿਉਂ ਮੁਅੱਤਲ ਕੀਤਾ ਗਿਆ। ਉਨ੍ਹਾਂ ਸਵਾਲ ਕੀਤਾ, ‘ਕੀ ਇਹ ਅਪਰਾਧ ਹੈ?’ ਇਕ ਹੋਰ ਮੁਅੱਤਲ ਸੰਸਦ ਮੈਂਬਰ ਸੱਯਦ ਨਸੀਰ ਹੁਸੈਨ ਨੇ ਕਿਹਾ, ‘‘ਅਸੀਂ ਆਪਣਾ ਪ੍ਰਦਰਸ਼ਨ ਜਾਰੀ ਰੱਖਾਂਗੇ। ਜੇਕਰ ਮੁਅੱਤਲੀ ਦਾ ਫੈਸਲਾ ਵਾਪਸ ਨਾ ਲਿਆ ਤਾਂ ਅਸੀਂ ਪ੍ਰਦਰਸ਼ਨਾਂ ਨੂੰ ਹੋਰ ਢੰਗ ਤਰੀਕਿਆਂ ਨਾਲ ਵਧਾਵਾਂਗੇ।’’ -ਪੀਟੀਆਈ