ਨਵੀ ਦਿੱਲੀ, 28 ਜੁਲਾਈ
ਰਾਕੇਸ਼ ਅਸਥਾਨਾ ਨੇ ਅੱਜ ਦਿੱਲੀ ਪੁਲੀਸ ਦੇ ਕਮਿਸ਼ਨਰ ਵਜੋਂ ਚਾਰਜ ਸੰਭਾਲ ਲਿਆ ਹੈ। ਉਹ ਗੁਜਰਾਤ ਕੇਡਰ ਦੇ ਸੀਨੀਅਰ ਆਈਪੀਐੱਸ ਅਧਿਕਾਰੀ ਹਨ। ਅਸਥਾਨਾ ਨੂੰ ਇੱਥੇ ਪਹੁੰਚਣ ’ਤੇ ਜੈ ਸਿੰਘ ਮਾਰਗ ’ਤੇ ਦਿੱਲੀ ਪੁਲੀਸ ਹੈੱਡਕੁਆਰਟਰ ’ਚ ਸਮਾਗਮ ਮੌਕੇ ਗਾਰਡ ਆਫ ਆਨਰ ਦਿੱਤਾ ਗਿਆ।
ਅਸਥਾਨਾ ਨੇ ਪੱਤਰਕਾਰਾਂ ਨੂੰ ਦੱਸਿਆ, ‘ਮੈਂ ਅੱਜ ਦਿੱਲੀ ਪੁਲੀਸ ਕਮਿਸ਼ਨਰ ਵਜੋਂ ਚਾਰਜ ਸੰਭਾਲ ਲਿਆ ਹੈ। ਮੈਂ ਪੁਲੀਸਿੰਗ ਦੀ ਮੂਲ ਧਾਰਨਾ, ਜੋ ਕਿ ਅਮਨ ਤੇ ਸ਼ਾਂਤੀ ਬਣਾਈ ਰੱਖਣਾ ਹੈ, ਵਿੱਚ ਯਕੀਨ ਰੱਖਦਾ ਹਾਂ ਅਤੇ ਅਪਰਾਧ ਨੂੰ ਰੋਕਣ ਲਈ ਲਈ ਇਹ ਮੁੱਢਲੀ ਚੀਜ਼ ਹੈ, ਜੋ ਸਾਨੂੰ ਕਰਨੀ ਚਾਹੀਦੀ ਹੈ। ਜੇਕਰ ਇਹ ਚੀਜ਼ਾਂ ਸਹੀ ਢੰਗ ਨਾਲ ਲਾਗੂ ਹੁੰਦੀਆਂ ਹਨ ਤਾਂ ਸਮਾਜ ਵਿੱਚ ਸ਼ਾਂਤੀ ਪੈਦਾ ਹੋਵੇਗੀ। ਕੁਝ ਖਾਸ ਮੁਸ਼ਕਲਾਂ ਹਨ, ਜਿਨ੍ਹਾਂ ਲਈ ਵੱਖਰੇ ਮਾਪਦੰਡ ਹਨ, ਅਸੀ ਉਨ੍ਹਾਂ ਮੁਤਾਬਕ ਕੰਮ ਕਰਾਂਗੇ।’ ਉਨ੍ਹਾਂ ਨੇ ਦਿੱਲੀ ਪੁਲੀਸ ਵੱਲੋਂ ਪਿਛਲੇ ਸਮੇਂ ਦੌਰਾਨ ਨਿਭਾਈ ਕਾਰਗੁਜ਼ਾਰੀ ਦੀ ਵੀ ਸ਼ਲਾਘਾ ਕੀਤੀ। -ਪੀਟੀਆਈ
ਅਸਥਾਨਾ ਦੀ ਨਿਯੁਕਤੀ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਰਾਕੇਸ਼ ਅਸਥਾਨਾ ਨੂੰ ਸੇਵਾਕਾਲ ’ਚ ਇੱਕ ਸਾਲ ਦਾ ਵਾਧਾ ਦੇ ਕੇ ਦਿੱਲੀ ਦਾ ਪੁਲੀਸ ਕਮਿਸ਼ਨਰ ਲਾਏ ਜਾਣ ਦੇ ਫ਼ੈਸਲੇ ’ਤੇ ਸਵਾਲ ਚੁੱਕਦਿਆਂ ਅੱਜ ਦੋਸ਼ ਲਾਇਆ ਇਹ ਨਿਯੁਕਤੀ ਸੁਪਰੀਮ ਕੋਰਟ ਦੇ ਹੁਕਮਾਂ ਅਤੇ ਸਾਰੇ ਨੇਮਾਂ ਨੂੰ ਛਿੱਕੇ ਟੰਗ ਕੇ ਕੀਤੀ ਗਈ ਹੈ। ਇੱਥੇ ਪਾਰਟੀ ਦੇ ਤਰਜਮਾਨ ਪਵਨ ਖੇੜਾ ਨੇ ਕਿਹਾ, ‘ਰਾਕੇਸ਼ ਅਸਥਾਨਾ, ਵਿਵਾਦਤ ਆਈਪੀਐੱਸ ਅਧਿਕਾਰੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਸੰਦੀਦਾ ਵਿਅਕਤੀ ਮੁੜ ਸੁਰਖੀਆਂ ਵਿੱਚ ਹੈ।’ ਖੇੜਾ ਨੇ ਸਵਾਲ ਕੀਤਾ ਕਿ ਕੀ ਅਰੁਣਾਚਲ ਪ੍ਰਦੇਸ਼, ਗੋਆ, ਮਿਜ਼ੋਰਮ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ (ਏਜੀਐੱਮਯੂਟੀ) ਕੇਡਰ ’ਚ ਅਜਿਹਾ ਕੋਈ ਅਧਿਕਾਰੀ ਨਹੀਂ ਸੀ, ਜਿਸ ਨੂੰ ਦਿੱਲੀ ਪੁਲੀਸ ਕਮਿਸ਼ਨਰ ਦੀ ਜ਼ਿੰਮੇਵਾਰ ਸੌਂਪੀ ਜਾਂਦੀ? -ਆਈਏਐੱਨਐੱਸ