ਨਵੀਂ ਦਿੱਲੀ, 5 ਫਰਵਰੀ
ਲਾਲ ਕਿਲੇ ’ਤੇ ਕੇਸਰੀ ਝੰਡਾ ਲਹਿਰਾਉਣ ਨੂੰ ‘ਦੇਸ਼ਧ੍ਰੋਹ’ ਕਰਾਰ ਦਿੰਦਿਆਂ ਭਾਜਪਾ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਕੇ ਜੇੇ ਅਲਫੌਂਸ ਨੇ ਅੱਜ ਰਾਜ ਸਭਾ ’ਚ ਕਿਹਾ ਕਿ ਕਿਸਾਨ ਆਗੂ ਰਾਕੇਸ਼ ਟਿਕੈਤ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਹੰਝੂ ਵਹਾਅ ਕੇ ਬਚ ਨਹੀਂ ਸਕਦੇ ਹਨ। ਤਿੰਨੋਂ ਖੇਤੀ ਕਾਨੂੰਨਾਂ ਦੀ ਹਮਾਇਤ ਕਰਦਿਆਂ ਅਲਫੌਂਸ ਨੇ ਕਿਹਾ ਕਿ ਇਨ੍ਹਾਂ ’ਚ ਕੁਝ ਵੀ ਗਲਤ ਨਹੀਂ ਹੈ। ਰਾਸ਼ਟਰਪਤੀ ਦੇ ਭਾਸ਼ਨ ’ਤੇ ਧੰਨਵਾਦ ਮਤੇ ਉੱਤੇ ਚਰਚਾ ਦੌਰਾਨ ਉਨ੍ਹਾਂ ਕਿਹਾ,‘‘ਮਿਸਟਰ ਟਿਕੈਤ, ਜੇਕਰ ਤੁਸੀਂ ਅੰਦੋਲਨ ਦੀ ਅਗਵਾਈ ਕਰ ਰਹੇ ਹੋ ਅਤੇ ਆਪਣੇ ਲੋਕਾਂ ਨੂੰ ਲਾਠੀਆਂ ਲੈ ਕੇ ਆਉਣ ਲਈ ਆਖਦੇ ਹੋ ਅਤੇ ਫਿਰ ਅਖੀਰ ’ਚ ਤੁਸੀਂ ਹੰਝੂ ਵਹਾ ਕੇ ਆਖਦੇ ਹੋ ਕਿ ਮੈਨੂੰ ਕੁਝ ਵੀ ਨਹੀਂ ਪਤਾ ਹੈ। ਕੁਝ ਤਾਂ ਸ਼ਰਮ ਕਰੋ।’’ ਉਨ੍ਹਾਂ ਵਿਰੋਧੀ ਧਿਰ ’ਤੇ ਸਰਕਾਰ ਖ਼ਿਲਾਫ਼ ਅਸਹਿਮਤੀ ਅਤੇ ਨਫ਼ਰਤ ਦੇ ਬੀਜ ਪੈਦਾ ਕਰਨ ਦਾ ਦੋਸ਼ ਲਾਇਆ। ਕਾਂਗਰਸ ਆਗੂ ਦਿਗਵਿਜੈ ਸਿੰਘ ਨੇ ਭਾਜਪਾ ਆਗੂ ਨੂੰ ਘੱਟੋ ਘੱਟ ਸਮਰਥਨ ਮੁੱਲ ’ਤੇ ਬਹਿਸ ਦੀ ਚੁਣੌਤੀ ਦਿੱਤੀ। ਭਾਜਪਾ ਆਗੂ ਨੀਰਜ ਸ਼ੇਖਰ ਨੇ ਖੇਤੀ ਕਾਨੂੰਨਾਂ ਦੀ ਜ਼ੋਰਦਾਰ ਵਕਾਲਤ ਕਰਦਿਆਂ ਕਿਸਾਨਾਂ ਨੂੰ ਕਿਹਾ ਕਿ ਉਹ ਰਾਸ਼ਟਰਪਤੀ ਦੇ ਭਾਸ਼ਨ ਦਾ ਬਾਈਕਾਟ ਕਰਨ ਵਾਲਿਆਂ ਦੀ ਪਛਾਣ ਕਰਨ ਜੋ ਹੁਣ ਬਹਿਸ ਕਰਕੇ ਕਿਸਾਨਾਂ ਨਾਲ ਬੇਇਨਸਾਫ਼ੀ ਦਾ ਦਾਅਵਾ ਕਰ ਰਹੇ ਹਨ। ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਾਂਗਰਸ ਦੇ ਸੰਸਦ ਮੈਂਬਰਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਸੀਨੀਅਰ ਪਾਰਟੀ ਆਗੂਆਂ ਦੀ ਗੱਲ ਸੁਣਨ। ਉਨ੍ਹਾਂ ਕਿਹਾ ਕਿ ਜੇਕਰ ਉਹ ‘ਯੁਵਰਾਜ’ ਦੇ ਆਖੇ ਲੱਗੇ ਤਾਂ ਭਵਿੱਖ ’ਚ ਕਾਂਗਰਸ 40 ਸੀਟਾਂ ਤੋਂ ਮਹਿਜ਼ 5 ’ਤੇ ਸਿਮਟ ਜਾਵੇਗੀ। -ਪੀਟੀਆਈ