ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 22 ਜੂਨ
ਪਿਛਲੇ ਸੱਤ ਮਹੀਨਿਆਂ ਤੋਂ ਤਿੰਨ ਖੇਤ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਹੱਦਾਂ ’ਤੇ ਪ੍ਰਦਰਸ਼ਨਾਂ ਦੀ ਅਗਵਾਈ ਕਰਨ ਵਾਲਿਆਂ ਵਿੱਚ ਸ਼ਾਮਲ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਅੰਦੋਲਨ ਨੂੰ ਤੇਜ਼ ਕਰਨ ਲਈ ‘ਟ੍ਰਿਪਲ ਟੀ’ ਦਾ ਫਾਰਮੂਲਾ ਦਿੱਤਾ ਹੈ। ਟਿਕੈਤ ਨੇ ਕਿਹਾ ਕਿ ਦੇਸ਼ ਨੂੰ ਬਚਾਉਣ ਲਈ ਤਿੰਨ ਚੀਜ਼ਾਂ ਜ਼ਰੂਰੀ ਹਨ ‘ਸਰਹੱਦਾਂ ਤੇ ਟੈਂਕ, ਖੇਤਾਂ ਵਿੱਚ ਟਰੈਕਟਰ ਤੇ ਨੌਜਵਾਨਾਂ ਦੇ ਹੱਥਾਂ ਵਿੱਚ ਟਵਿੱਟਰ’। ਰਾਕੇਸ਼ ਟਿਕੈਤ ਨੇ ਕਿਹਾ ਕਿ ਜਿਹੜਾ ਕਿਸਾਨ ਖੇਤ ਵਿਚ ਕੰਮ ਕਰਦਾ ਹੈ ਤੇ ਟਰੈਕਟਰ ਚਲਾਉਂਦਾ ਹੈ, ਉਹੀ ਕਿਸਾਨ ਟੈਂਕ ਚਲਾਉਣ ਲਈ ਸਰਹੱਦਾਂ ’ਤੇ ਵੀ ਜਾਂਦਾ ਹੈ। ਉਨ੍ਹਾਂ ਕੋਲ ਬਹੁਤ ਸਾਰੇ ਸਿਪਾਹੀ ਹਨ ਜਿਹੜੇ ਖੇਤਾਂ ’ਚ ਟਰੈਕਟਰ ਚਲਾਉਂਦੇ ਹਨ ਤੇ ਸਰਹੱਦਾਂ ’ਤੇ ਟੈਂਕ ਚਲਾਉਂਦੇ ਹਨ। ਕਿਸਾਨ ਦੇ ਫੋਨ ਵਿਚ ਟਵਿੱਟਰ ਵੀ ਹੈ। ਇਹ ‘ਟ੍ਰਿਪਲ ਟੀ’ ਫਾਰਮੂਲਾ ਹੈ। ਇਸ ਨਾਲ ਨਾ ਸਿਰਫ ਕਿਸਾਨ ਅੰਦੋਲਨ ਬਲਕਿ ਦੇਸ਼ ਨੂੰ ਵੀ ਲਾਭ ਹੋਵੇਗਾ।