ਮਥੁਰਾ (ਯੂਪੀ), 10 ਅਗਸਤ
ਵਰਿੰਦਾਵਨ ’ਚ ਰਹਿਣ ਵਾਲੀਆਂ ਵਿਧਵਾਵਾਂ ਨੇ ਰੱਖੜੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 501 ਰੱਖੜੀਆਂ ਅਤੇ 75 ਕੌਮੀ ਝੰਡੇ ਭੇਜੇ ਹਨ। ਸੁਲਭ ਇੰਟਰਨੈਸ਼ਨਲ ਦੇ ਮੀਡੀਆ ਸਲਾਹਕਾਰ ਮਦਨ ਝਾਅ ਨੇ ਦੱਸਿਆ ਕਿ ਜਥੇਬੰਦੀ ਦੇ ਸੰਸਥਾਪਕ ਬਿੰਦੇਸ਼ਵਰ ਪਾਠਕ ਨੇ ਬੀਤੇ ਦਿਨ ਇੱਥੇ ਮਾਂ ਸ਼ਾਰਦਾ ਆਸ਼ਰਮ ’ਚ ਵਿਧਵਾਵਾਂ ਤੋਂ ਰੱਖੜੀਆਂ ਬਣਵਾਉਣ ਦਾ ਪ੍ਰੋਗਰਾਮ ਕਰਵਾਇਆ ਸੀ। ਇਹ ਰੱਖੜੀਆਂ ਜਥੇਬੰਦੀ ਦੇ ਨੁਮਾਇੰਦੇ ਵੱਲੋਂ ਪ੍ਰਧਾਨ ਮੰਤਰੀ ਦਫ਼ਤਰ ਤੱਕ ਪਹੁੰਚਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਕੁਝ ਸਾਲ ਪਹਿਲਾਂ ਤੱਕ ਰੱਖੜੀ ਵਾਲੇ ਦਿਨ ਕੁੱਝ ਵਿਧਵਾਵਾਂ ਰੱਖੜੀ ਬੰਨ੍ਹਣ ਲਈ ਪ੍ਰਧਾਨ ਮੰਤਰੀ ਦੀ ਰਿਹਾਇਸ਼ ’ਤੇ ਜਾਂਦੀਆਂ ਸਨ ਪਰ ਪਿਛਲੇ ਦੋ ਸਾਲਾਂ ਤੋਂ ਉਹ ਕਰੋਨਾ ਕਾਰਨ ਉੱਥੇ ਨਹੀਂ ਜਾ ਸਕੀਆਂ। ਉਨ੍ਹਾਂ ਦੱਸਿਆ ਕਿ ਇਸ ਵਾਰ ਪ੍ਰਧਾਨ ਮੰਤਰੀ ਦਫ਼ਤਰ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਜੇ ਇਜਾਜ਼ਤ ਮਿਲਦੀ ਹੈ ਤਾਂ ਕੁਝ ਔਰਤਾਂ ਉੱਥੇ ਰੱਖੜੀ ਬੰਨ੍ਹਣ ਜਾ ਸਕਦੀਆਂ ਹਨ। -ਪੀਟੀਆਈ