* ਮੁਲਕਾਂ ਦਰਮਿਆਨ ਜਾਰੀ ਟਕਰਾਅ ਨੂੰ ਸਿਆਣਪ ਨਾਲ ਸੁਲਝਾਉਣ ਦੀ ਵਕਾਲਤ
ਨਵੀਂ ਦਿੱਲੀ, 25 ਜਨਵਰੀ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ 75ਵੇਂ ਗਣਤੰਤਰ ਦਿਵਸ ਦੀ ਪੂਰਬਲੀ ਸੰਧਿਆ ਰਾਸ਼ਟਰ ਦੇ ਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਰਾਮ ਮੰਦਰ ਨੂੰ ਇਤਿਹਾਸ ਵਿੱਚ ‘ਭਾਰਤ ਵੱਲੋਂ ਆਪਣੀ ਤਹਿਜ਼ੀਬੀ ਵਿਰਾਸਤ ਦੀ ਮੁੜ ਖੋਜ’ ਅਤੇ ਵਿਸ਼ਾਲ ਭਵਨ ਵਜੋਂ ਯਾਦ ਕੀਤਾ ਜਾਵੇਗਾ ਜੋ ਨਾ ਸਿਰਫ਼ ਲੋਕਾਂ ਦੀ ਸ਼ਰਧਾ ਨੂੰ ਦਰਸਾਉਂਦਾ ਹੈ ਬਲਕਿ ਨਿਆਂਇਕ ਅਮਲ ਵਿੱਚ ਉਨ੍ਹਾਂ ਦੇ ਅਸਧਾਰਨ ਭਰੋਸੇ ਦੀ ਵੀ ਸ਼ਾਹਦੀ ਭਰਦਾ ਹੈ। ਰਾਸ਼ਟਰਪਤੀ ਨੇ ਆਪਣੇ ਸੰਬੋਧਨ ਵਿਚ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਭਲਾਈ ਸਕੀਮਾਂ ਸਣੇ ਵੱਖ ਵੱਖ ਮੁੱਦਿਆਂ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਲਈ ਗੌਰਵ ਦਾ ਦਿਨ ਹੋਵੇਗਾ ਜਦੋਂ ਉਹ ਉਨ੍ਹਾਂ ਮੁਲਕਾਂ ਵਿੱਚ ਸ਼ੁਮਾਰ ਹੋਵੇਗਾ, ਜਿੱਥੇ ਸਾਰਿਆਂ ਦੇ ਸਿਰ ’ਤੇ ਛੱਤ ਹੋਵੇਗੀ ਤੇ ਕੋਈ ਟਾਵਾਂ ਹੀ ਬੇਘਰ ਹੋਵੇਗਾ। ਮੁਰਮੂ ਨੇ ਵਿਸ਼ਵ ਦੇ ਕਈ ਹਿੱਸਿਆਂ ਵਿੱਚ ਮੁਲਕਾਂ ਦਰਮਿਆਨ ਜਾਰੀ ਟਕਰਾਅ ਦੇ ਮੁੱਦੇ ਨੂੰ ਵੀ ਛੋਹਿਆ ਤੇ ਇਨ੍ਹਾਂ ਨੂੰ ਸਿਆਣਪ ਤੇ ਤਰਕਸੰਗਤ ਢੰਗ ਨਾਲ ਸੁਲਝਾਉਣ ’ਤੇ ਜ਼ੋਰ ਦਿੱਤਾ।
ਰਾਸ਼ਟਰਪਤੀ ਮੁਰਮੂ ਨੇ ਕਿਹਾ, ‘‘ਜਦੋਂ ਇਕ ਦੂਜੇ ਨਾਲ ਝਗੜੇ ਵਿੱਚ ਪਈਆਂ ਧਿਰਾਂ ਇਹ ਸੋਚਦੀਆਂ ਹਨ ਕਿ ਉਹ ਸਹੀ ਤੇ ਦੂਜਾ ਗ਼ਲਤ ਹੈ ਤਾਂ ਅਜਿਹੇ ਮੌਕੇ ਵਿਵੇਕ ਤੇ ਸਿਆਣਪ ਨਾਲ ਮਸਲੇ ਦਾ ਕੋਈ ਹੱਲ ਲੱਭਿਆ ਜਾਣਾ ਚਾਹੀਦਾ ਹੈ। ਬਦਕਿਸਮਤੀ ਨਾਲ ਵਿਚਾਰ ਚਰਚਾ ਦੀ ਥਾਂ ਡਰ ਤੇ ਪੱਖਪਾਤ ਨੇ ਗੁੱਸੇ ਨੂੰ ਹਵਾ ਦਿੱਤੀ ਜੋ ਬੇਰਹਿਮ ਹਿੰਸਾ ਦਾ ਕਾਰਨ ਬਣੀ। ਮਾਨਵਤਾ ਨੂੰ ਇਕ ਤੋਂ ਬਾਅਦ ਇਕ ਵੱਡੀਆਂ ਮੁਸੀਬਤਾਂ ਝੱਲਣੀਆਂ ਪੈ ਰਹੀਆਂ ਹਨ ਜਿਸ ਤੋਂ ਅਸੀਂ ਦੁਖੀ ਹਾਂ।’’ ਰਾਸ਼ਟਰਪਤੀ ਨੇ ਵਰਧਮਾਨ ਮਹਾਵੀਰ, ਸਮਰਾਟ ਅਸ਼ੋਕ ਤੇ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਦੇ ਹਵਾਲੇ ਨਾਲ ਆਸ ਜਤਾਈ ਕਿ ਜਿਹੜੇ ਖਿੱਤੇ ਝਗੜੇ ਝੇੜਿਆਂ ਵਿਚ ਪਏ ਹਨ, ਉਹ ਇਨ੍ਹਾਂ ਦੇ ਨਿਬੇੜੇ ਲਈ ਕੋਈ ਸ਼ਾਂਤੀਪੂਰਨ ਹੱਲ ਲੱਭ ਲੈਣਗੇ ਤੇ ਸ਼ਾਂਤੀ ਬਹਾਲੀ ਯਕੀਨੀ ਬਣਾਉਣਗੇ।
ਅਯੁੱਧਿਆ ਵਿਚ ਨਵੇਂ ਬਣੇ ਮੰਦਰ ਵਿੱਚ ਭਗਵਾਨ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਦੀ ਹਾਲੀਆ ਰਸਮ ਦੇ ਹਵਾਲੇ ਨਾਲ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਜਦੋਂ ਇਸ ਸਮਾਗਮ ਨੂੰ ਵਿਸ਼ਾਲ ਪਰਿਪੇਖ ਵਿੱਚ ਦੇਖਿਆ ਜਾਵੇਗਾ ਤਾਂ ਭਵਿੱਖ ਦੇ ਇਤਿਹਾਸਕਾਰ ਇਸ ਨੂੰ ਭਾਰਤ ਦੀ ਤਹਿਜ਼ੀਬੀ ਵਿਰਾਸਤ ਦੀ ਮੁੜ-ਖੋਜ ਦੇ ਮੀਲ ਪੱਥਰ ਵਜੋਂ ਲੈਣਗੇ। ਉਨ੍ਹਾਂ ਕਿਹਾ, ‘‘ਰਾਮ ਮੰਦਰ ਦਾ ਨਿਰਮਾਣ ਲੋੜੀਂਦਾ ਨਿਆਂਇਕ ਅਮਲ ਪੂਰਾ ਹੋਣ ਤੇ ਦੇਸ਼ ਦੀ ਸਰਵਉੱਚ ਅਦਾਲਤ ਦੇ ਫੈਸਲੇ ਮਗਰੋਂ ਸ਼ੁਰੂ ਹੋਇਆ। ਅੱਜ ਇਹ ਵਿਸ਼ਾਲ ਭਵਨ ਵਜੋਂ ਖੜ੍ਹਾ ਹੈ, ਜੋ ਨਾ ਸਿਰਫ਼ ਲੋਕਾਂ ਦੀ ਸ਼ਰਧਾ ਨੂੰ ਦਰਸਾਉਂਦਾ ਹੈ ਬਲਕਿ ਨਿਆਂਇਕ ਅਮਲ ਵਿੱਚ ਲੋਕਾਂ ਦੇ ਅਥਾਹ ਭਰੋਸੇ ਦੀ ਵੀ ਸ਼ਾਹਦੀ ਭਰਦਾ ਹੈ।’’ ਮੁਰਮੂ ਨੇ ਕਿਹਾ ਕਿ ਭਾਰਤ ਦੀ ਮੇਜ਼ਬਾਨੀ ਵਿੱਚ ਹੋਏ ‘ਸ਼ਾਨਦਾਰ’ ਜੀ20 ਸਿਖਰ ਸੰਮੇਲਨ ਨੇ ਨਾਗਰਿਕਾਂ ਨੂੰ ਰਣਨੀਤਕ ਅਤੇ ਕੂਟਨੀਤਕ ਮਾਮਲਿਆਂ ਵਿੱਚ ਭਾਗੀਦਾਰ ਬਣਾਉਣ ਲਈ ਸਾਰਿਆਂ ਲਈ ਸਬਕ ਪ੍ਰਦਾਨ ਕੀਤੇ, ਜੋ ਉਨ੍ਹਾਂ ਦੇ ਆਪਣੇ ਭਵਿੱਖ ਨੂੰ ਆਕਾਰ ਦੇੇਣਗੇ। ਉਨ੍ਹਾਂ ਕਿਹਾ ਕਿ ਜੀ-20 ਸਿਖਰ ਸੰਮੇਲਨ ਨੇ ਭਾਰਤ ਨੂੰ ਆਲਮੀ ਦੱਖਣ ਦੀ ਆਵਾਜ਼ ਵਜੋਂ ਉਭਾਰਿਆ।
ਦੇਸ਼ ਦੇ ਅਰਥਚਾਰੇ ਦੀ ਗੱਲ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਪੂਰੇ ਆਤਮਵਿਸ਼ਵਾਸ ਨਾਲ ਅੱਗੇ ਵਧ ਰਿਹੈ, ਜੋ ਅਰਥਚਾਰੇ ਦੀ ਮਜ਼ਬੂਤ ਸਿਹਤ ਤੋਂ ਆਉਂਦਾ ਤੇ ਝਲਕਦਾ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਦੇਸ਼ ਅਮ੍ਰਿਤ ਕਾਲ ਦੇ ਸ਼ੁਰੂਆਤੀ ਸਾਲਾਂ ਵਿੱਚ ਹੈ, ਜੋ ਇਕ ਦੌਰ ’ਚੋਂ ਦੂਜੇ ਵਿੱਚ ਤਬਦੀਲੀ ਦਾ ਸਮਾਂ ਹੈ। ਮੁਰਮੂ ਨੇ ਨਾਗਰਿਕਾਂ ਨੂੰ ਕਿਹਾ ਕਿ ਉਹ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਲਈ ਸੰਵਿਧਾਨ ਵਿਚ ਮਿਲੇ ਆਪਣੇ ਮੌਲਿਕ ਫ਼ਰਜ਼ਾਂ ਦੀ ਪੂਰੀ ਜ਼ਿੰਮੇਵਾਰੀ ਨਾਲ ਪਾਲਣਾ ਕਰਨ। ਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਨੌਜਵਾਨਾਂ ਦੇ ਰਾਹ ਵਿੱਚ ਆਉਂਦੇ ਅੜਿੱਕਿਆਂ ਨੂੰ ਹਟਾਉਣ ਹੋਵੇਗਾ ਤੇ ਉਨ੍ਹਾਂ ਨੂੰ ਆਪਣੀ ਪੂਰੀ ਸਮਰੱਥਾ ਦਿਖਾਉਣ ਦੇ ਮੌਕੇ ਦੇਣੇ ਹੋਣਗੇ। ਉਨ੍ਹਾਂ ਕਿਹਾ, ‘‘ਸਰਕਾਰ ਨੇ ਕਰੋਨਾ ਮਹਾਮਾਰੀ ਦੇ ਦਿਨਾਂ ਦੌਰਾਨ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਵਾਉਣ ਲਈ ਸਕੀਮਾਂ ਦਾ ਘੇਰਾ ਵਧਾਇਆ। ਇਹ ਉਪਰਾਲੇ ਕਮਜ਼ੋਰ ਵਰਗਾਂ ਨੂੰ ਸੰਕਟ ਵਿਚੋਂ ਬਾਹਰ ਕੱਢਣ ਲਈ ਮਗਰੋਂ ਵੀ ਜਾਰੀ ਹਨ।’’
ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਕੌਮੀ ਸਿੱਖਿਆ ਨੀਤੀ ਨੇ ਡਿਜੀਟਲ ਵੰਡੀਆਂ ਨੂੰ ਪੂਰਨ ਲਈ ਲੋੜੀਂਦਾ ਧੱਕਾ ਦਿੱਤਾ ਤੇ ਸਹੂਲਤਾਂ ਤੋਂ ਵਾਂਝੇ ਵਿਦਿਆਰਥੀਆਂ ਦੇ ਫਾਇਦੇ ਲਈ ਇਕਸਾਰ ਸਿੱਖਿਆ ਢਾਂਚਾ ਸਿਰਜਿਆ। ਉਨ੍ਹਾਂ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਦੇ ਵਿਸਥਾਰ ਬੀਮਾ ਕਵਰ ਦਾ ਉਦੇਸ਼ ਸਾਰੇ ਲਾਭਪਾਤਰੀਆਂ ਨੂੰ ਇਸ ਹੇਠ ਲਿਆਉਣਾ ਅਤੇ ਗਰੀਬਾਂ ਅਤੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਇੱਕ ਵੱਡਾ ਭਰੋਸਾ ਪ੍ਰਦਾਨ ਕਰਨਾ ਹੈ। -ਪੀਟੀਆਈ