ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਜੰਮੂ-ਸ੍ਰੀਨਗਰ ਸ਼ਾਹਰਾਹ ਉੱਤੇ ਰਾਮਬਨ ਵਿੱਚ ਉਸਾਰੀ ਅਧੀਨ ਸੁਰੰਗ ਦਾ ਇਕ ਹਿੱਸਾ ਢਹਿਣ ਦੇ ਕਾਰਨਾਂ ਦੀ ਜਾਂਚ ਲਈ ਮਾਹਿਰਾਂ ਦੀ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਹੈ। ਇਹ ਨਿਰਪੱਖ ਮਾਹਿਰ ਯੋਗ ਉਪਰਾਲਿਆਂ ਸਬੰਧੀ ਸੁਝਾਅ ਵੀ ਦੇਣਗੇ। ਅਧਿਕਾਰਤ ਬਿਆਨ ਮੁਤਾਬਕ ਭਾਰਤੀ ਕੌਮੀ ਹਾਈਵੇਅ ਅਥਾਰਿਟੀ (ਐੱਨਐੱਚਏਆਈ) ਅਜਿਹੇ ਹੰਗਾਮੀ ਹਾਲਾਤ ਨਾਲ ਸਿੱਝਣ ਲਈ ਅਮਲ ਪਹਿਲਾਂ ਹੀ ਵਿੱਢ ਚੁੱਕੀ ਹੈ ਤੇ ਭਵਿੱਖ ਵਿੱਚ ਅਜਿਹੀ ਘਟਨਾਵਾਂ ਦੇ ਦੁਹਰਾਅ ਤੋਂ ਬਚਣ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਬਿਆਨ ਵਿੱਚ ਕਿਹਾ ਗਿਆ ਹੈ, ‘‘ਕੇਂਦਰ ਸਰਕਾਰ ਵੱਲੋਂ ਤਿੰਨ ਨਿਰਪੱਖ ਉੱਘੇ ਮਾਹਿਰਾਂ ਦੀ ਟੀਮ ਗਠਿਤ ਕੀਤੀ ਗਈ ਹੈ, ਜੋ ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਪਹਿਲਾਂ ਹੀ ਮੌਕੇ ’ਤੇ ਪੁੱਜ ਗਈ ਹੈ….ਅਗਲੇਰੀ ਕਾਰਵਾਈ ਕਮੇਟੀ ਦੀ ਰਿਪੋਰਟ ’ਤੇ ਅਧਾਰਿਤ ਹੋਵੇਗੀ।’’ ਰੋਡ ਟਰਾਂਸਪੋਰਟ ਤੇ ਹਾਈਵੇਜ਼ ਮੰਤਰਾਲਾ ਮੁਤਾਬਕ ਆਈਆਈਟੀ ਦਿੱਲੀ ਦੇ ਪ੍ਰੋਫੈਸਰ ਜੇ.ਟੀ.ਸਾਹੂ ਕਮੇਟੀ ਦੇ ਚੇਅਰਮੈਨ ਹੋਣਗੇ ਤੇ ਕਮੇਟੀ ਦਸ ਦਿਨਾਂ ਅੰਦਰ ਆਪਣੀ ਰਿਪੋਰਟ ਮੰਤਰਾਲੇ ਨੂੰ ਸੌਂਪੇਗੀ। -ਪੀਟੀਆਈ