ਆਦਿੱਤੀ ਟੰਡਨ
ਨਵੀਂ ਦਿੱਲੀ, 9 ਜੂਨ
ਮਨੋਨੀਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਤਵਾਰ ਸ਼ਾਮ ਨੂੰ ਹੋਣ ਵਾਲੇ ਹਲਫ਼ਦਾਰੀ ਸਮਾਗਮ ਤੋਂ ਪਹਿਲਾਂ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਐੱਨਡੀਏ ਦੀਆਂ ਭਾਈਵਾਲ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਫੋਨ ਆਉਣ ਸ਼ੁਰੂ ਹੋ ਗਏ ਹਨ। ਸੂਤਰਾਂ ਨੇ ਕਿਹਾ ਕਿ ਟੀਡੀਪੀ ਦੇ ਰਾਮਮੋਹਨ ਨਾਇਡੂ, ਜੇਡੀਯੂ ਦੇ ਲੱਲਨ ਸਿੰਘ ਤੇ ਰਾਮਨਾਥ ਠਾਕੁਰ, ਰਾਸ਼ਟਰੀ ਲੋਕ ਦਲ ਦੇ ਜਯੰਤ ਚੌਧਰੀ, ਲੋਕ ਜਨਸ਼ਕਤੀ ਪਾਰਟੀ ਦੇ ਚਿਰਾਗ ਪਾਸਵਾਨ, ਜੇਡੀਐੱਸ ਦੇ ਐੱਚਡੀ ਕੁਮਾਰਸਵਾਮੀ, ਹਿੰਦੁਸਤਾਨ ਅਵਾਮ ਮੋਰਚਾ ਦੇ ਜੀਤਨ ਰਾਮ ਮਾਂਝੀ ਤੇ ਅਪਨਾ ਦਲ ਦੀ ਅਨੂਪ੍ਰਿਆ ਪਟੇਲ ਨੂੰ ਵੀ ਫੋਨ ਗਏ ਹਨ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਟੀਡੀਪੀ, ਜੋ 16 ਸੰਸਦ ਮੈਂਬਰਾਂ ਨਾਲ ਭਾਜਪਾ ਮਗਰੋਂ ਐੱਨਡੀਏ ਦੀ ਦੂਜੀ ਸਭ ਤੋਂ ਵੱਡੀ ਭਾਈਵਾਲ ਹੈ, ਨੂੰ ਕੇਂਦਰੀ ਕੈਬਨਿਟ ਵਿਚ ਚਾਰ ਮੰਤਰਾਲੇ ਤੇ 12 ਸੰਸਦ ਮੈਂਬਰਾਂ ਵਾਲੀ ਜੇਡੀਯੂ ਨੂੰ ਦੋ ਮੰਤਰਾਲੇ ਮਿਲ ਸਕਦੇ ਹਨ। ਮੰਤਰੀ ਪਦ ਲਈ ਐੱਨਸੀਪੀ ਆਗੂ ਪ੍ਰਫੁੱਲ ਪਟੇਲ ਤੇ ਭਾਰਤੀ ਰਾਸ਼ਟਰਵਾਦੀ ਪਾਰਟੀ ਦੇ ਮੁਖੀ ਰਾਮਦਾਸ ਅਠਾਵਲੇ ਦੇ ਨਾਵਾਂ ’ਤੇ ਵੀ ਗੌਰ ਕੀਤੀ ਗਈ ਹੈ।