ਰਾਂਚੀ, 12 ਜੂਨ
ਪੈਗੰਬਰ ਮੁਹੰਮਦ ਬਾਰੇ ਟਿੱਪਣੀ ਖ਼ਿਲਾਫ਼ ਲੰਘੇ ਸ਼ੁੱਕਰਵਾਰ ਹੋਏ ਰੋਸ ਮੁਜ਼ਾਹਿਰਆਂ ਦੌਰਾਨ ਗੋਲੀ ਲੱਗਣ ਕਾਰਨ ਮਾਰੇ ਗਏ ਦੋ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਦਾਅਵਾ ਕੀਤਾ ਹੈ ਕਿ ਉਹ ਰੋਸ ਮੁਜ਼ਾਹਰਿਆਂ ’ਚ ਸ਼ਾਮਲ ਨਹੀਂ ਸਨ। ਜ਼ਿਕਰਯੋਗ ਹੈ ਕਿ ਇਸ ਹਿੰਸਾ ਦੌਰਾਨ ਮੁਹੰਮਦ ਮੁਦੱਸਰ ਕੈਫੀ ਤੇ ਮੁਹੰਮਦ ਸਾਹਿਲ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ ਅਤੇ ਦੋ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋਏ ਸਨ। ਸਾਹਿਲ ਦੇ ਭਰਾ ਸ਼ਾਕਬਿ ਅੰਸਾਰੀ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਨੂੰ ਹੋਏ ਰੋਸ ਮੁਜ਼ਾਹਰਿਆਂ ’ਚ ਸ਼ਾਮਲ ਨਹੀਂ ਸੀ। ਉਸ ਨੇ ਕਿਹਾ, ‘ਮੇਰਾ ਭਰਾ ਮੁਹੰਮਦ ਸਾਹਿਲ ਜੁਮੇ ਦੀ ਨਮਾਜ਼ ਮਗਰੋਂ ਕਿਸੇ ਕੰਮ ਰਾਂਚੀ ਦੇ ਮੁੱਖ ਮਾਰਗ ਵੱਲ ਗਿਆ ਸੀ। ਉਹ ਰੋਸ ਪ੍ਰਦਰਸ਼ਨ ਦਾ ਹਿੱਸਾ ਨਹੀਂ ਸੀ ਪਰ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ।’ ਕੈਫੀ ਦੇ ਪਿਤਾ ਮੁਹੰਮਦ ਪਰਵੇਜ਼ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਉਸ ਦੇ ਪੁੱਤਰ ਨੂੰ ਗੋਲੀ ਕਿਵੇਂ ਵੱਜੀ ਕਿਉਂਕਿ ਉਹ ਰੋਸ ਪ੍ਰਦਰਸ਼ਨ ’ਚ ਸ਼ਾਮਲ ਨਹੀਂ ਸੀ। ਸਰਕਾਰੀ ਰਾਜਿੰਦਰਾ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੇ ਪੀਆਰਓ ਡੀਕੇ ਸਿਨਹਾ ਨੇ ਦੱਸਿਆ ਕਿ ਹਸਪਤਾਲ ਦੇ ਰਿਕਾਰਡ ਅਨੁਸਾਰ ਕੈਫੀ (22) ਤੇ ਸਾਹਿਲ (24) ਦੀ ਮੌਤ ਇਲਾਜ ਦੌਰਾਨ ਹੋਈ ਹੈ। ਇਸ ਸਮੇਂ 13 ਵਿਅਕਤੀ ਜ਼ਖ਼ਮੀ ਹਾਲਤ ’ਚ ਹਸਪਤਾਲ ਦਾਖਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹਾਲਾਤ ਦੇ ਮੱਦੇਨਜ਼ਰ 12 ਥਾਣਿਆਂ ਅਧੀਨ ਆਉਂਦੇ ਇਲਾਕਿਆਂ ’ਚ ਧਾਰਾ 144 ਲਗਾ ਦਿੱਤੀ ਗਈ ਹੈ ਅਤੇ ਕਿਸੇ ਦੀ ਅਣਸੁਖਾਵੀਂ ਘਟਨਾ ਨੂੰ ਟਾਲਣ ਲਈ 2500 ਦੇ ਕਰੀਬ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। -ਪੀਟੀਆਈ