ਮੁੰਬਈ, 28 ਅਗਸਤ
ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਅੱਜ ਕਿਹਾ ਕਿ ਕੇਂਦਰੀ ਮੰਤਰੀ ਨਾਰਾਇਣ ਰਾਣੇ ਦੇ ‘ਹੰਕਾਰੀ ਤੇ ਬਦਲਾ ਲਊ ਸੁਭਾਅ’ ਨੇ ਭਾਜਪਾ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਉਨ੍ਹਾਂ ਰਾਣੇ ’ਤੇ ‘ਜਨ ਆਸ਼ੀਰਵਾਦ ਯਾਤਰਾ’ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ਾਂ ਦਾ ਪਾਲਣ ਨਾ ਕਰਨ ਦਾ ਦੋਸ਼ ਵੀ ਲਾਇਆ। ਰਾਊਤ ਨੇ ਰਾਣੇ ਦੀ ‘ਪੁਰਾਣੇ ਕੇਸ’ ਖੋਲ੍ਹਣ ਦੀ ਟਿੱਪਣੀ ’ਤੇ ਪਲਟਵਾਰ ਕੀਤਾ। ਉਨ੍ਹਾਂ ਨਾਸਿਕ ਵਿੱਚ ਪਾਰਟੀ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੈਨਾ ਕੋਲ ਵੀ ਸਾਬਕਾ ਸ਼ਿਵ ਸੈਨਿਕ ਰਾਣੇ ਦੀ ‘ਕੁੰਡਲੀ’ ਹੈ ਅਤੇ ਉਹ ਵੀ ‘ਸੰਦੂਕ’ ਖੋਲ੍ਹ ਸਕਦੇ ਹਨ।
ਰਾਣੇ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਸ਼ਿਵ ਸੈਨਾ ਪ੍ਰਧਾਨ ਊਧਵ ਠਾਕਰੇ ਨੂੰ ‘ਧੱਪੜ ਮਾਰਨ’ ਦੀ ਟਿੱਪਣੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਬੀਤੇ ਮੰਗਲਵਾਰ ਦੇਰ ਰਾਤ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਸੀ। ਇਸ ਸਬੰਧੀ ਇੱਕ ਕੇਸ ਨਾਸਿਕ ਵਿੱਚ ਵੀ ਦਰਜ ਕੀਤਾ ਗਿਆ ਸੀ। ਰਾਊਤ ਨੇ ਕਿਹਾ, ‘‘ਰਾਣੇ ਤੋਂ ਇਲਾਵਾ ਹੋਰ ਨਵ-ਨਿਯੁਕਤ ਕੇਂਦਰੀ ਮੰਤਰੀਆਂ ਭਾਰਤੀ ਪਵਾਰ, ਕਪਿਲ ਪਾਟਿਲ, ਭਾਗਵਤ ਕਰਾਦ ਨੇ ‘ਜਨ ਆਸ਼ੀਰਵਾਦ ਯਾਤਰਾ’ ਤਹਿਤ ਵੱਖ ਵੱਖ ਖੇਤਰਾਂ ਦਾ ਦੌਰਾ ਕੀਤਾ ਹੈ, ਪਰ ਰਾਣੇ ਨੇ ਪ੍ਰਧਾਨ ਮੰਤਰੀ ਮੋਦੀ ਦੇ ਕੇਂਦਰ ਸਰਕਾਰ ਦੇ ਕੰਮਾਂ ਦਾ ਪ੍ਰਚਾਰ ਕਰਨ ਦੇ ਨਿਰਦੇਸ਼ਾਂ ਨੂੰ ਦਰਕਿਨਾਰ ਕੀਤਾ ਹੈ ਅਤੇ ਸੈਨਾ, ਊਧਵ ਠਾਕਰੇ ਅਤੇ ਗੱਠਜੋੜ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ।’’ ਉਨ੍ਹਾਂ ਕਿਹਾ, ‘‘ਰਾਣੇ ਅਤੇ ਉਸ ਦੀ ਮੌਜੂਦਾ ਪਾਰਟੀ ਭਾਜਪਾ ਨੂੰ ਆਤਮ ਮੰਥਨ ਕਰਨਾ ਹੋਵੇਗਾ। ਭਾਜਪਾ ਨੂੰ ਛੇਤੀ ਹੀ ਉਸ ਦੀਆਂ ਗ਼ਲਤੀਆਂ ਦਾ ਪਤਾ ਚੱਲ ਜਾਵੇਗਾ। ਪਹਿਲਾਂ ਹੀ ਬੈਕਫੁੱਟ ’ਤੇ ਚੱਲ ਰਹੀ ਭਾਜਪਾ ਨੂੰ ਰਾਣੇ ਦਾ ਹੰਕਾਰੀ ਤੇ ਬਦਲਾ ਲਊ ਸੁਭਾਅ ਹੋਰ ਨਿਰਾਸ਼ ਕਰ ਦੇਵੇਗਾ।’’ -ਪੀਟੀਆਈ