ਨਵੀਂ ਦਿੱਲੀ, 21 ਜੂਨ
ਉੱਘੇ ਸਨਅਤਕਾਰ ਰਤਨ ਟਾਟਾ ਨੇ ਆਨਲਾਈਨ ਮੰਚਾਂ ਰਾਹੀਂ ਫੈਲਾਈ ਜਾਂਦੀ ਘ੍ਰਿਣਾ ਤੇ ਧੌਂਸਬਾਜ਼ੀ ’ਤੇ ਰੋਕ ਲਾਉਣ ਦਾ ਸੱਦਾ ਦਿੰਦਿਆਂ ਸੰਕਟ ਦੀ ਇਸ ਘੜੀ ਵਿੱਚ ਇਕ ਦੂਜੇ ਦੀ ਹਮਾਇਤ ਕਰਨ ਲਈ ਆਖਿਆ ਹੈ। ਟਾਟਾ ਨੇ ਕਿਹਾ ਕਿ ਸੰਕਟ ਅਜੇ ਟਲਿਆ ਨਹੀਂ ਤੇ ਹਰੇਕ ਲਈ ‘ਇਹ ਪੂਰਾ ਸਾਲ ਚੁਣੌਤੀਆਂ ਭਰਪੂਰ’ ਰਹੇਗਾ। ਇੰਸਟਾਗ੍ਰਾਮ ’ਤੇ ਇਕ ਪੋਸਟ ਸਾਂਂਝੀ ਕਰਦਿਆਂ ਟਾਟਾ ਨੇ ਕਿਹਾ ਕਿ ਆਨਲਾਈਨ ਭਾਈਚਾਰਾ ਇਕ ਦੂਜੇ ਨੂੰ ਦਰਦ ਦੇਣ ਤੇ ਇਕ ਦੂਜੇ ਦੀ ਲੱਤ ਖਿੱਚਣ ਵਿੱਚ ਲੱਗਾ ਹੋਇਆ ਹੈ। ਟਾਟਾ ਨੇ ਕਿਹਾ, ‘ਇਹ ਸਾਲ ਹਰੇਕ ਲਈ ਚੁਣੌਤੀਆਂ ਭਰਿਆ ਹੈ…ਕਿਸੇ ਨੂੰ ਘੱਟ ਤੇ ਕਿਸੇ ਨੂੰ ਵੱਧ ਹੋ ਸਕਦੀਆਂ ਹਨ। ਮੈਂ ਵੇਖਿਆ ਹੈ ਕਿ ਆਨਲਾਈਨ ਭਾਈਚਾਰਾ ਇਕ ਦੂਜੇ ਨੂੰ ਸੱਟ ਮਾਰਨ ਤੇ ਲੱਤ ਖਿੱਚਣ ਦਾ ਕੋਈ ਮੌਕਾ ਨਹੀਂ ਛੱਡਦਾ। ਮੇਰਾ ਮੰਨਣਾ ਹੈ ਕਿ ਖਾਸ ਕਰਕੇ ਇਸ ਸਾਲ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣ ਤੇ ਇਕ ਦੂਜੇ ਦੀ ਮਦਦ ਕਰਨ ਦੀ ਲੋੜ ਹੈ। -ਪੀਟੀਆਈ