ਨਵੀਂ ਦਿੱਲੀ, 17 ਜੁਲਾਈ
ਹੱਡੀ ਰੋਗਾਂ ਦੇ ਮਾਹਿਰ ਤੇ ਪਦਮਸ੍ਰੀ ਨਾਲ ਸਨਮਾਨਿਤ ਡਾ. ਰਵਿੰਦਰ ਨਰਾਇਣ ਸਿੰਘ ਨੂੰ ਅੱਜ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ। ਬਿਹਾਰ ਨਾਲ ਸਬੰਧਤ ਰਵਿੰਦਰ ਸਿੰਘ ਹੁਣ ਤੱਕ ਜਥੇਬੰਦੀ ਦੇ ਮੀਤ ਪ੍ਰਧਾਨ ਸਨ। ਉਨ੍ਹਾਂ ਨੂੰ ਮੈਡੀਕਲ ਖੇਤਰ ’ਚ ਪਾਏ ਯੋਗਦਾਨ ਬਦਲੇ 2010 ’ਚ ਪਦਮਸ੍ਰੀ ਮਿਲਿਆ ਸੀ ਜੋ ਦੇਸ਼ ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਹੈ। ਸੰਯੁਕਤ ਜਨਰਲ ਸਕੱਤਰ ਸੁਰੇਂਦਰ ਜੈਨ ਨੇ ਪੱਤਰਕਾਰਾਂ ਨੂੰ ਕਿਹਾ, ‘ਸਾਡੇ ਟਰੱਸਟੀਆਂ ਦੇ ਬੋਰਡ ਨੇ ਅੱਜ ਸਰਬ ਸੰਮਤੀ ਨਾਲ ਰਵਿੰਦਰ ਨਰਾਇਣ ਸਿੰਘ ਨੂੰ ਸਾਡਾ ਪ੍ਰਧਾਨ ਚੁਣਿਆ ਹੈ।’ -ਪੀਟੀਆਈ