ਮੁੰਬਈ, 30 ਅਪਰੈਲ
ਚੇਨੱਈ ਸੁਪਰਕਿੰਗਜ਼ ਦੀ ਕਪਤਾਨੀ ਫਿਰ ਮਹਿੰਦਰ ਸਿੰਘ ਧੋਨੀ ਨੂੰ ਸੌਂਪ ਦਿੱਤੀ ਗਈ ਹੈ। ਇੰਡੀਅਨ ਪ੍ਰੀਮੀਅਰ ਲੀਗ ਦੇ ਚੱਲ ਰਹੇ ਸੈਸ਼ਨ ਦੌਰਾਨ ਖਰਾਬ ਪ੍ਰਦਰਸ਼ਨ ਮਗਰੋਂ ਆਪਣੀ ਖੇਡ ’ਤੇ ਧਿਆਨ ਕੇਂਦਰਤ ਕਰਨ ਲਈ ਸ਼ਨਿਚਰਵਾਰ ਨੂੰ ਚੇਨੱਈ ਰਵਿੰਦਰ ਜਡੇਜਾ ਨੇ ਕਪਤਾਨੀ ਛੱਡ ਦਿੱਤੀ, ਜਿਸ ਮਗਰੋਂ ਕਪਤਾਨੀ ਮੁੜ ਐੱਮ.ਐੱਸ. ਧੋਨੀ ਨੂੰ ਸੌਂਪੀ ਗਈ ਹੈ। ਆਈਪੀਐੱਲ ਟੂਰਨਾਮੈਂਟ ਦੀ ਸ਼ੁਰੂਆਤ ਵਿੱਚ ਜਡੇਜਾ ਨੂੰ ਟੀਮ ਦੀ ਕਮਾਨ ਸੌਂਪੀ ਗਈ ਸੀ। ਚੇਨੱਈ ਸੁਪਰਕਿੰਗਜ਼ ਨੇ ਇੱਕ ਬਿਆਨ ਵਿੱਚ ਕਿਹਾ, ‘‘ਰਵਿੰਦਰ ਜਡੇਜਾ ਨੇ ਕਪਤਾਨੀ ਛੱਡ ਕੇ ਆਪਣੀ ਖੇਡ ’ਤੇ ਧਿਆਨ ਦੇਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਨੇ ਐੱਮ.ਐੱਸ. ਧੋਨੀ ਨੂੰ ਕਪਤਾਨੀ ਦੇ ਅਪੀਲ ਕੀਤੀ ਹੈ। ਧੋਨੀ ਨੇ ਵਡੇਰੇ ਹਿੱਤਾਂ ਨੂੰ ਦੇਖਦਿਆਂ ਇਹ ਅਪੀਲ ਮੰਨ ਲਈ ਹੈ ਤਾਂ ਕਿ ਜਡੇਜਾ ਆਪਣੀ ਖੇਡ ’ਤੇ ਧਿਆਨ ਦੇ ਸਕੇ।’’ ਦੱਸਣਯੋਗ ਹੈ ਕਿ ਚੇਨੱਈ ਦੀ ਟੀਮ ਚੱਲ ਰਹੇ ਆਈਪੀਐੱਲ ਦੌਰਾਨ ਆਪਣੇ 8 ਮੈਚਾਂ ਵਿੱਚ 2 ਜਿੱਤਾਂ ਅਤੇ 6 ਹਾਰਾਂ ਨਾਲ 9 ਸਥਾਨ ’ਤੇ ਹੈ।