ਗੁਰਿੰਦਰ ਸਿੰਘ
ਲੁਧਿਆਣਾ, 25 ਅਗਸਤ
ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ‘5 ਤਖ਼ਤ ਵਿਸ਼ੇਸ਼’ ਤੀਰਥ ਯਾਤਰਾ ਰੇਲ ਗੱਡੀ ਨੂੰ ਅੱਜ ਨਾਂਦੇੜ ਰੇਲਵੇ ਸਟੇਸ਼ਨ ਤੋਂ ਸਿੱਖ ਧਰਮ ਦੇ ਤਖ਼ਤ ਸਾਹਿਬਾਨਾਂ ਲਈ ਲਈ ਹਰੀ ਝੰਡੀ ਦੇਕੇ ਰਵਾਨਾ ਕੀਤਾ। ਇਸ ਮੌਕੇ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਸਿੱਖ ਧਰਮ ਦੇ 5 ਪਵਿੱਤਰ ਤਖ਼ਤ ਸਾਹਿਬਾਨ ਦੇ ਦਰਸ਼ਨਾਂ ਲਈ ਇਹ ਪਹਿਲੀ ਵਿਸ਼ੇਸ਼ ਰੇਲ ਗੱਡੀ ਭਾਰਤੀ ਰੇਲਵੇ ਦੁਆਰਾ ਲੋਕਾਂ ਨੂੰ ਜੋੜਨ, ਰੂਹਾਨੀਅਤ ਅਤੇ ਰਾਸ਼ਟਰਵਾਦ ਨੂੰ ਵਧਾਉਣ ਲਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ‘5 ਤਖ਼ਤ ਸਪੈਸ਼ਲ ਟਰੇਨ’ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਇਹ ਰੇਲ ਗੱਡੀ ਹਜ਼ੂਰ ਸਾਹਿਬ ਰੇਲਵੇ ਸਟੇਸ਼ਨ ਤੋਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਚੱਲੇਗੀ। ਕੁੱਲ 12 ਦਿਨਾਂ ਵਿੱਚ ਇਹ ਆਪਣੀ ਯਾਤਰਾ ਮੁਕੰਮਲ ਕਰੇਗੀ ਅਤੇ ਰੇਲ ਗੱਡੀ ਵਿੱਚ ਵਿੱਚ ਕੁੱਲ 1300 ਸ਼ਰਧਾਲੂ ਬੈਠਣਗੇ।