ਆਦਿੱਤੀ ਟੰਡਨ
ਨਵੀਂ ਦਿੱਲੀ, 9 ਜੂਨ
ਲੁਧਿਆਣਾ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਹਾਰਨ ਵਾਲੇ ਰਵਨੀਤ ਸਿੰਘ ਬਿੱਟੂ ਅੱਜ ਸ਼ਾਮੀਂ ਰਾਸ਼ਟਰਪਤੀ ਭਵਨ ਵਿਚ ਰੱਖੇ ਹਲਫਦਾਰੀ ਸਮਾਗਮ ਵਿਚ ਕੇਂਦਰੀ ਮੰਤਰੀ ਵਜੋਂ ਹਲਫ਼ ਲੈਣਗੇ। ਬਿੱਟੂ ਨੂੰ ਕਾਂਗਰਸ ਦੇ ਰਾਜਾ ਵੜਿੰਗ ਨੇ ਹਰਾਇਆ ਸੀ। ਬਿੱਟੂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਕਾਂਗਰਸ ਦਾ ਹੱਥ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਉਧਰ ਰਾਜਨਾਥ ਸਿੰਘ ਤੇ ਅਮਿਤ ਸ਼ਾਹ ਸਣੇ ਕਈ ਹੋਰ ਸਾਬਕਾ ਕੇਂਦਰੀ ਮੰਤਰੀ ਮੋਦੀ ਸਰਕਾਰ 3.0 ਵਿਚ ਮੁੜ ਮੰਤਰੀ ਵਜੋਂ ਸਹੁੰ ਚੁੱਕਣਗੇ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਉਨ੍ਹਾਂ ਦੇ ਕਰਨਾਟਕ ਦੇ ਹਮਰੁਤਬਾ ਬਸਵਰਾਜ ਬੋਮਈ ਵੀ ਹਲਫ਼ ਲੈਣ ਵਾਲਿਆਂ ਵਿਚ ਸ਼ਾਮਲ ਹਨ। ਜਿਨ੍ਹਾਂ ਹੋਰ ਸਾਬਕਾ ਮੰਤਰੀਆਂ ਨੂੰ ਨਵੀਂ ਮੋਦੀ ਸਰਕਾਰ ਵਿਚ ਥਾਂ ਮਿਲੀ ਹੈ ਉਨ੍ਹਾਂ ਵਿਚ ਨਿਰਮਲਾ ਸੀਤਾਰਮਨ, ਨਿਤਿਨ ਗਡਕਰੀ, ਪਿਊਸ਼ ਗੋਇਲ, ਪ੍ਰਹਿਲਾਦ ਜੋਸ਼ੀ, ਅਰਜੁਨ ਮੇਘਵਾਲ, ਰਾਓ ਇੰਦਰਜੀਤ, ਜਿਉਤਿਰਾਦਿੱਤਿਆ ਸਿੰਧੀਆ ਤੇ ਜਿਤੇਂਦਰ ਸਿੰਘ ਸ਼ਾਮਲ ਹਨ। ਕੁਝ ਹੋਰ ਨਵੇਂ ਨਾਵਾਂ ਵਿਚ ਉੱਤਰ ਪੱਛਮੀ ਦਿੱਲੀ ਤੋਂ ਸੰਸਦ ਮੈਂਬਰ ਕਮਲਜੀਤ ਸਹਿਰਾਵਤ ਤੇ ਮਹਾਰਾਸ਼ਟਰ ਦੇ ਰਕਸ਼ਾ ਖੜਸੇ ਸ਼ਾਮਲ ਹਨ। ਤਾਮਿਲ ਨਾਡੂ ਭਾਜਪਾ ਦੇ ਪ੍ਰਧਾਨ ਕੇ.ਅੰਨਾਮਲਾਈ ਨੂੰ ਵੀ ਮੰਤਰੀ ਪਦ ਮਿਲੇਗਾ। ਭਾਜਪਾ ਪ੍ਰਧਾਨ ਜੇਪੀ ਨੱਢਾ ਨੂੰ ਵੀ ਕੇਂਦਰੀ ਕੈਬਨਿਟ ਵਿਚ ਥਾਂ ਮਿਲ ਰਹੀ ਹੈ।