ਮੁੰਬਈ, 7 ਅਗਸਤ
ਕਰੋਨਾਵਾਇਰਸ ਦੇ ਕਹਿਰ ਕਾਰਨ ਦਬਾਅ ਹੇਠ ਆਈਆਂ ਕਰਜ਼ ਜਾਇਦਾਦਾਂ ਦੇ ਹੱਲ ਲਈ ਭਾਰਤੀ ਰਿਜ਼ਰਵ ਬੈਂਚ ਨੇ ਅੱਜ ਸੀਨੀਅਰ ਬੈਂਕਰ ਕੇਵੀ ਕਾਮਥ ਦੀ ਅਗਵਾਈ ਹੇਠ ਮਾਹਿਰਾਂ ਦੀ ਇੱਕ ਕਮੇਟੀ ਕਾਇਮ ਕੀਤੀ ਹੈ। ਇਹ ਕਮੇਟੀ 30 ਦਿਨਾਂ ਅੰਦਰ ਆਪਣੇ ਸੁਝਾਅ ਤੇ ਸਿਫਾਰਸ਼ਾਂ ਬਾਰੇ ਰਿਪੋਰਟ ਆਰਬੀਆਈ ਕੋਲ ਪੇਸ਼ ਕਰੇਗੀ। ਰਿਜ਼ਰਵ ਬੈਂਕ ਨੂੰ ਜੇਕਰ ਜ਼ਰੂਰੀ ਲੱਗਾ ਤਾਂ ਉਹ ਕੁਝ ਸੁਧਾਰਾਂ ਨੂੰ ਨੋਟੀਫਾਈ ਵੀ ਕਰੇਗੀ। ਕਮੇਟੀ ਦੇ ਹੋਰਨਾਂ ਮੈਂਬਰਾਂ ’ਚ ਦਿਵਾਕਰ ਗੁਪਤਾ, ਟੀਐੱਨ ਮਨੋਹਰਨ ਸ਼ਾਮਲ ਹਨ ਅਤੇ ਅਸ਼ਿਵਨ ਪਾਰਿਖ ਕਮੇਟੀ ਦੇ ਰਣਨੀਤਕ ਸਲਾਹਕਾਰ ਹੋਣਗੇ। ਇੰਡੀਅਨ ਬੈਂਕ ਐਸੋਸੀਏਸ਼ਨ ਦੇ ਸੀਈਓ ਪੈਨਲ ਦੇ ਮੈਂਬਰ ਸਕੱਤਰ ਹੋਣਗੇ। ਜ਼ਿਕਰਯੋਗ ਹੈ ਕਿ ਕਾਰਪੋਰੇਟਾਂ ਤੇ ਪ੍ਰਚੂਨ ਕਾਰੋਬਾਰੀਆਂ ਨੂੰ ਵੱਡੀ ਰਾਹਤ ਦਿੰਦਿਆਂ ਬੀਤੇ ਦਿਨ ਆਰਬੀਆਈ ਨੇ ਬੈਂਕਾਂ ਨੂੰ ਕਰਜ਼ਿਆਂ ਬਾਰੇ ਯਕਮੁਸ਼ਤ ਢਾਂਚਾ ਬਣਾਉਣ ਦੀ ਇਜਾਜ਼ਤ ਦੇ ਦਿੱਤੀ ਸੀ। -ਪੀਟੀਆਈ