ਨਵੀਂ ਦਿੱਲੀ, 26 ਨਵੰਬਰ
ਬੈਂਕ ਮੁਲਾਜ਼ਮਾਂ ਦੀ ਯੂਨੀਅਨ ਏਆਈਬੀਈਏ ਨੇ ਕਿਹਾ ਹੈ ਕਿ 94 ਸਾਲ ਪੁਰਾਣੇ ਲਕਸ਼ਮੀ ਵਿਲਾਸ ਬੈਂਕ ਦੀ ਨਾਕਾਮੀ ’ਚ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਭੂਮਿਕਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਬੈਂਕ ਦੇ ਡੀਬੀਐੱਸ ਬੈਂਕ ਇੰਡੀਆ ਲਿਮਿਟਡ ਨਾਲ ਪ੍ਰਸਤਾਵਿਤ ਰਲੇਵੇਂ ਮਗਰੋਂ ਵਿਦੇਸ਼ੀ ਬੈਂਕਿੰਗ ਅਦਾਰਿਆਂ ਨੂੰ ਭਾਰਤੀ ਮੰਡੀ ’ਚ ਪਿਛਲੇ ਰਸਤਿਉਂ ਦਾਖ਼ਲਾ ਮਿਲ ਜਾਵੇਗਾ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਲਿਖੇ ਪੱਤਰ ’ਚ ਆਲ ਇੰਡੀਆ ਬੈਂਕ ਐਂਪਲਾਈਜ਼ ਐਸੋਸੀਏਸ਼ਨ ਨੇ ਕਿਹਾ ਕਿ ਇਹ ਰਲੇਵਾਂ ਸਰਕਾਰ ਦੀ ਆਤਮ-ਨਿਰਭਰ ਭਾਰਤ ਨੀਤੀ ਦੇ ਉਲਟ ਹੈ। ਐਸੋਸੀਏਸ਼ਨ ਨੇ ਕਿਹਾ ਕਿ ਬੈਂਕ 90 ਸਾਲਾਂ ਤੱਕ ਮੁਨਾਫ਼ੇ ’ਚ ਰਿਹਾ ਅਤੇ ਪਿਛਲੇ ਤਿੰਨ ਮਹੀਨਿਆਂ ਦੌਰਾਨ ਹੀ ਘਾਟਾ ਪੈਣਾ ਸ਼ੁਰੂ ਹੋਇਆ ਸੀ। -ਪੀਟੀਆਈ