ਕਾਠਮੰਡੂ, 23 ਅਪਰੈਲ
ਕਰੋਨਾਵਾਇਰਸ ਮਹਾਮਾਰੀ ਦੁਨੀਆਂ ਦੀ ਸਭ ਤੋਂ ਉੱਚੀ ਥਾਂ ਮਾਊਂਟ ਐਵਰੈਸਟ ’ਤੇ ਵੀ ਪਹੁੰਚ ਗਈ ਹੈ। ਇੱਥੇ ਮਾਊਂਟ ਐਵਰੈਸਟ ਦੇ ਬੇਸ ਕੈਂਪ ’ਚ ਠਹਿਰੇ ਹੋਏ ਨਾਰਵੇ ਦੇ ਇੱਕ ਪਰਬਤਾਰੋਹੀ ਦੇ ਕਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਉਸ ਨੂੰ ਹੈਲੀਕਾਪਟਰ ਰਾਹੀਂ ਕਾਠਮੰਡੂ ਦੇ ਇੱਕ ਹਸਪਤਾਲ ਲਿਜਾਇਆ ਗਿਆ ਹੈ। ਪਰਬਤਾਰੋਹੀ ਐਰਲੈਂਡ ਨੈਸਟ ਨੇ ਦੱਸਿਆ ਕਿ ਉਸ ਨੂੰ 15 ਅਪਰੈਲ ਨੂੰ ਕਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਸੀ। ਉਸ ਮਗਰੋਂ ਬੀਤੇ ਦਿਨ ਹੋਈ ਜਾਂਚ ’ਚ ਉਸ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਫਿਲਹਾਲ ਉਹ ਨੇਪਾਲ ’ਚ ਇੱਕ ਸਥਾਨਕ ਪਰਿਵਾਰ ਨਾਲ ਰਹਿ ਰਿਹਾ ਹੈ। ਇਸ ਸਬੰਧੀ ਗਾਈਡ ਆਸਟ੍ਰੀਅਨ ਲੁਕਾਚ ਫਰਨਬੈਸ਼ ਨੇ ਕਿਹਾ ਕਿ ਜੇਕਰ ਸਾਰਿਆਂ ਜਾਂਚ ਕਰਕੇ ਅਹਿਤਿਹਾਤੀ ਕਦਮ ਨਾ ਚੁੱਕੇ ਗਏ ਤਾਂ ਬੇਸ ਕੈਂਪ ’ਚ ਮੌਜੂਦ ਹਜ਼ਾਰਾਂ ਪਰਬਤਾਰੋਹੀਆਂ, ਗਾਈਡਾਂ ਤੇ ਸਹਾਇਕਾਂ ’ਚ ਕਰੋਨਾ ਫੈਲ ਸਕਦਾ ਹੈ। -ਪੀਟੀਆਈ