ਨਵੀਂ ਦਿੱਲੀ, 22 ਅਪਰੈਲ
ਦੇਸ਼ ਵਿੱਚ ਬੇਕਾਬੂ ਹੋਈ ਕਰੋਨਾ ਦੀ ਦੂਜੀ ਲਹਿਰ ਕਰ ਕੇ ਕੋਵਿਡ-19 ਲਾਗ ਦੇ ਕੇਸਾਂ ਅਤੇ ਮੌਤਾਂ ਦੇ ਗ੍ਰਾਫ਼ ’ਚ ਰਿਕਾਰਡ ਵਾਧਾ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ 3.14 ਲੱਖ ਤੋਂ ਵੱਧ ਨਵੇਂ ਕੇਸਾਂ ਨਾਲ ਭਾਰਤ ਵਿਸ਼ਵ ਦਾ ਪਹਿਲਾ ਮੁਲਕ ਹੈ, ਜਿੱਥੇ ਇਕੋ ਦਿਨ ’ਚ ਇੰਨੇ ਕੇਸ ਸਾਹਮਣੇ ਆਏ ਹਨ। ਇਸ ਵਾਧੇ ਨਾਲ ਦੇੇਸ਼ ਵਿੱਚ ਕੋਵਿਡ-19 ਕੇਸਾਂ ਦੀ ਕੁੱਲ ਗਿਣਤੀ 1,59,30,965 ਦੇ ਅੰਕੜੇ ਨੂੰ ਪੁੱਜ ਗਈ ਹੈ। ਇਸ ਤੋਂ ਪਹਿਲਾਂ ਅਮਰੀਕਾ ’ਚ 8 ਜਨਵਰੀ ਨੂੰ ਇੱਕੋ ਦਿਨ ’ਚ ਕਰੋਨਾ ਦੀ ਲਾਗ ਦੇ 3,07,581 ਨਵੇਂ ਕੇਸ ਆਏ ਸੀ। ਪਿਛਲੇ ਇਕ ਹਫ਼ਤੇ ਵਿੱਚ ਦੇਸ਼ ਵਿੱਚ ਕੋਵਿਡ ਕੇਸਾਂ ਦੇ ਵਧਣ ਦੀ ਔਸਤ 2,64,838 ਹੈ ਜੋ ਕਿ ਅਮਰੀਕਾ ਵਿੱਚ ਕਰੋਨਾ ਦੀ ਤੀਜੀ ਲਹਿਰ ਦੇ ਔਸਤਨ 2,55,961 ਕੇਸਾਂ ਨਾਲੋਂ ਵੱਧ ਹੈ। ਕ ਅੰਕੜਿਆਂ ਮੁਤਾਬਕ ਵੀਰਵਾਰ ਸਵੇਰੇ ਅੱਠ ਵਜੇ ਤੱਕ ਕਰੋਨਾ ਦੀ ਲਾਗ ਦੇ 3,14,835 ਨਵੇਂ ਕੇਸ ਦਰਜ ਕੀਤੇ ਗਏ ਹਨ ਜਦੋਂਕਿ ਇਸੇ ਅਰਸੇ ਦੌਰਾਨ ਰਿਕਾਰਡ 2104 ਮੌਤਾਂ ਨਾਲ ਮਹਾਮਾਰੀ ਕਰ ਕੇ ਮੌਤ ਦੇ ਮੂੰਹ ਪਏ ਮਰੀਜ਼ਾਂ ਦੀ ਗਿਣਤੀ ਵਧ ਕੇ 1,84,657 ਹੋ ਗਈ ਹੈ। ਸਰਗਰਮ ਕੇਸਾਂ ਦਾ ਅੰਕੜਾ 23 ਲੱਖ ਕੇਸਾਂ ਨੇੜੇ ਢੁੱਕ ਗਿਆ ਹੈ ਜਦੋਂਕਿ ਸਿਹਤਯਾਬੀ ਦਰ ਘਟ ਕੇ 84.46 ਫੀਸਦ ਰਹਿ ਗਈ ਹੈ। -ਪੀਟੀਆਈ