ਨਵੀਂ ਦਿੱਲੀ:
ਵਸਤਾਂ ਤੇ ਸੇਵਾ ਟੈਕਸ (ਜੀਐੱਸਟੀ) ਦਾ ਕੁੱਲ ਮਾਲੀਆ ਅਕਤੂਬਰ ਮਹੀਨੇ ’ਚ ਨੌਂ ਫੀਸਦ ਵੱਧ ਕੇ 1.87 ਲੱਖ ਕਰੋੜ ਰੁਪਏ ਹੋ ਗਿਆ ਹੈ ਜੋ ਦੂਜਾ ਸਭ ਤੋਂ ਵੱਡਾ ਮਹੀਨਾਵਾਰ ਅੰਕੜਾ ਹੈ। ਘਰੇਲੂ ਵਿਕਰੀ ਵਧਣ ਅਤੇ ਅਮਲ ’ਚ ਸੁਧਾਰ ਹੋਣ ਨਾਲ ਜੀਐੱਸਟੀ ਮਾਲੀਆ ਵਧਿਆ ਹੈ। ਅੱਜ ਜਾਰੀ ਹੋਏ ਅਧਿਕਾਰਤ ਅੰਕੜਿਆਂ ਮੁਤਾਬਕ ਅਕਤੂਬਰ ਮਹੀਨੇ ’ਚ ਕੇਂਦਰੀ ਜੀਐੱਸਟੀ ਮਾਲੀਆ 33,821 ਕਰੋੜ ਰੁਪਏ, ਸਟੇਟ ਜੀਐੱਸਟੀ 41,864 ਕਰੋੜ ਰੁਪਏ, ਏਕੀਕ੍ਰਿਤ ਜੀਐੱਸਟੀ 99,111 ਕਰੋੜ ਰੁਪਏ ਅਤੇ ਸੈੱਸ 12,550 ਕਰੋੜ ਰੁਪਏ ਰਿਹਾ। ਪਿਛਲੇ ਮਹੀਨੇ ਕੁੱਲ ਜੀਐੱਸਟੀ ਮਾਲੀਆ 8.9 ਫੀਸਦ ਵੱਧ ਕੇ 1,87,346 ਕਰੋੜ ਰੁਪਏ ਰਿਹਾ। ਇੱਕ ਸਾਲ ਪਹਿਲਾਂ ਇਸੇ ਸਮੇਂ ਜੀਐੱਸਟੀ ਮਾਲੀਆ 1.72 ਲੱਖ ਕਰੋੜ ਰੁਪਏ ਸੀ। ਅਕਤੂਬਰ, 2024 ’ਚ ਦੂਜਾ ਸਭ ਤੋਂ ਵੱਡਾ ਜੀਐੱਸਟੀ ਮਾਲੀਆ ਦਰਜ ਕੀਤਾ ਗਿਆ ਹੈ। ਹੁਣ ਤੱਕ ਦਾ ਸਭ ਤੋਂ ਵੱਡਾ ਜੀਐੱਸਟੀ ਮਾਲੀਆ ਅਪਰੈਲ 2024 ’ਚ 2.10 ਲੱਖ ਕਰੋੜ ਰੁਪਏ ਤੋਂ ਵੱਧ ਸੀ। -ਪੀਟੀਆਈ