ਨਵੀਂ ਦਿੱਲੀ: ਦਿੱਲੀ ਦੀ ਇੱਕ ਅਦਾਲਤ ਨੇ ਗਣਤੰਤਰ ਦਿਵਸ ਮੌਕੇ ਲਾਲ ਕਿਲੇ ’ਚ ਹੋਈ ਹਿੰਸਾ ਤੇ ਭੰਨਤੋੜ ’ਚ ਕਥਿਤ ਸ਼ਮੂਲੀਅਤ ਦੇ ਮਾਮਲੇ ’ਚ ਪੁੱਛ ਪੜਤਾਲ ਲਈ 26 ਸਾਲਾ ਪ੍ਰਦਰਸ਼ਨਕਾਰੀ ਬੂਟਾ ਸਿੰਘ ਨੂੰ ਪੰਜ ਦਿਨ ਦੀ ਪੁਲੀਸ ਹਿਰਾਸਤ ’ਚ ਭੇਜ ਦਿੱਤਾ ਹੈ। ਕਿਸਾਨਾਂ ਦੇ ਪ੍ਰਦਰਸ਼ਨ ’ਚ ਕਥਿਤ ਤੌਰ ’ਤੇ ਸਰਗਰਮ ਭੂਮਿਕਾ ਨਿਭਾਉਣ ਵਾਲੇ ਬੂਟਾ ਸਿੰਘ ਨੂੰ ਬੀਤੇ ਦਿਨ ਪੰਜਾਬ ਦੇ ਤਰਨ ਤਾਰਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੇ ਸਿਰ ’ਤੇ 50 ਹਜ਼ਾਰ ਰੁਪਏ ਦਾ ਇਨਾਮ ਸੀ ਤੇ ਉਹ ਪਿਛਲੇ ਪੰਜ ਮਹੀਨੇ ਤੋਂ ਫਰਾਰ ਸੀ। ਦਿੱਲੀ ਪੁਲੀਸ ਨੇ ਮੈਟਰੋਪੋਲਿਟਨ ਮੈਜਿਸਟਰੇਟ ਸ਼ਿਵਲੀ ਤਲਵਾੜ ਨੂੰ ਦੱਸਿਆ ਕਿ ਰਿਮਾਂਡ ਮਿਆਦ ਦੌਰਾਨ ਮੁਲਜ਼ਮ ਨੂੰ ਤਫਤੀਸ਼ ਲਈ ਇੱਥੋਂ ਤਕਰੀਬਨ 500 ਕਿਲੋਮੀਟਰ ਦੂਰ ਤਰਨ ਤਾਰਨ ਲਿਜਾਇਆ ਜਾਵੇਗਾ। ਪੁਲੀਸ ਨੇ ਕਿਹਾ ਕਿ ਉਹ ਕਥਿਤ ਸਾਜ਼ਿਸ਼ ਲਈ ਪੈਸੇ ਦੇ ਸਰੋਤ, ਬੂਟਾ ਸਿੰਘ ਦੇ ਬੈਂਕ ਖਾਤੇ ’ਚ ਜਮ੍ਹਾਂ ਹੋਣ ਵਾਲੇ ਪੈਸੇ ਬਾਰੇ ਪਤਾ ਲਾਏਗੀ, ਉਸ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਜਾਂਚ ਕਰੇਗੀ, ਮੋਬਾਈਲ ਬਰਾਮਦ ਕਰੇਗੀ ਤੇ ਘਟਨਾ ਮੌਕੇ ਪਹਿਨੇ ਹੋਏ ਕੱਪੜੇ ਜ਼ਬਤ ਕਰੇਗੀ। ਪੁਲੀਸ ਨੇ ਇਹ ਵੀ ਕਿਹਾ ਕਿ ਮੁਲਜ਼ਮ ਨੂੰ ਵੀਡੀਓ ਕਲਿੱਪ ਤੇ ਸੀਸੀਟੀਵੀ ਫੁਟੇਜ ਦਿਖਾ ਕੇ ਉਸ ਨਾਲ ਸਿੰਘੂ ਬਾਰਡਰ ਤੋਂ ਲਾਲ ਕਿਲਾ ਆਉਣ ਵਾਲੇ ਤੇ ਭੰਨ ਤੋੜ ਕਰਨ ਵਾਲੇ ਮੁਲਜ਼ਮਾਂ ਦੀ ਪਛਾਣ ਕਰਵਾਈ ਜਾਵੇਗੀ। -ਪੀਟੀਆਈ