ਮੁੰਬਈ, 19 ਸਤੰਬਰ
ਮੁੰਬਈ ਦੀ ਇੱਕ ਹਵਾਲਾ ਰਾਸ਼ੀ ਰੋਕੂ (ਪੀਐੱਮਐੱਲਏ) ਵਿਸ਼ੇਸ਼ ਅਦਾਲਤ ਨੇ ਕਿਹਾ ਕਿ ਪੈਸਿਆਂ ਲੈਣ ਦੇਣ ਵਿੱਚ ਪਹਿਲੀ ਨਜ਼ਰੇ ਅਜਿਹੇ ਸੰਕੇਤ ਮਿਲਦੇ ਹਨ ਕਿ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਸਾਬਕਾ ਪੁਲੀਸ ਅਧਿਕਾਰੀ ਸਚਿਨ ਵਾਜ਼ੇ ਅਤੇ ਉਸ ਦੇ ਸਾਥੀ ਕੁੰਦਨ ਸ਼ਿੰਦੇ ਤੋਂ 4.7 ਕਰੋੜ ਰੁਪਏ ਲਏ ਹਨ। ਅਦਾਲਤ ਨੇ ਇਹ ਗੱਲ ਕਥਿਤ ਕਾਲਾ ਧਨ ਸਫ਼ੇਦ ਕਰਨ ਦੇ ਇੱਕ ਕੇਸ ’ਚ ਸਚਿਨ ਵਾਜ਼ੇ ਅਤੇ ਹੋਰਨਾਂ ਖ਼ਿਲਾਫ਼ ਦਾਖਲ ਦੋਸ਼ ਪੱਤਰ ਦਾ ਨੋਟਿਸ ਲੈਂਦਿਆਂ ਆਖੀ ਹੈ। ਪੀਐੱਮਐੱਲਏ ਅਦਾਲਤ ਨੇ ਦੋਸ਼ ਪੱਤਰ ਦਾ ਨੋਟਿਸ ਲੈਣ ਮਗਰੋਂ ਸਾਰੇ ਮੁਲਜ਼ਮਾਂ ਨੂੰ ਸੰਮਨ ਜਾਰੀ ਕੀਤੇ ਹਨ। ਮਾਮਲੇ ਦੀ ਸੁਣਵਾਈ 27 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕੇਸ ਵਿੱਚ ਇਸੇ ਮਹੀਨੇ ਵਾਜ਼ੇ, ਦੇਸ਼ਮੁੱਖ ਦੇ ਨਿੱਜੀ ਸਕੱਤਰ ਸੰਜੀਵ ਪਲਾਂਦੇ, ਨਿੱਜੀ ਸਹਾਇਕ ਸ਼ਿੰਦੇ ਅਤੇ 11 ਹੋਰਨਾਂ ਖ਼ਿਲਾਫ਼ ਦੋਸ਼ ਪੱਤਰ ਦਾਖਲ ਕੀਤਾ ਸੀ। ਵਿਸ਼ੇਸ਼ ਜੱਜ ਐੱਮ.ਜੀ. ਦੇਸ਼ਪਾਂਡੇ ਨੇ 16 ਸਤੰਬਰ ਨੂੰ ਦੋਸ਼ ਪੱਤਰ ਦਾ ਨੋਟਿਸ ਲਿਆ ਅਤੇ ਅਦਾਲਤ ਦਾ ਹੁਕਮ ਸ਼ਨਿਚਰਵਾਰ ਨੂੰ ਉਪਲੱਬਧ ਹੋਇਆ ਹੈ।
ਅਦਾਲਤ ਨੇ ਹੁਕਮ ’ਚ ਕਿਹਾ, ‘ਬਿਆਨਾਂ ਅਤੇ ਦੋਸ਼ਾਂ ਨੂੰ ਸਾਵਧਾਨੀ ਨਾਲ ਘੋਖਣ ਮਗਰੋਂ ਪੈਸਿਆਂ ਦੇ ਲੈਣ ਦੇਣ ਸਬੰਧੀ ਅਜਿਹਾ ਲੱਗਦਾ ਹੈ ਕਿ ਅਨਿਲ ਦੇਸ਼ਮੁੱਖ ਨੇ ਸਚਿਨ ਵਾਜ਼ੇ ਅਤੇ ਉਸ ਦੇ ਸਾਥੀ ਕੁੰਦਨ ਸ਼ਿੰਦੇ ਤੋਂ 4.7 ਕਰੋੜ ਰੁਪਏ ਲਏ ਹਨ।’ ਹੁਕਮ ਵਿੱਚ ਹੋਰ ਕਿਹਾ ਗਿਆ ਕਿ ਫਿਰ ਰਿਸ਼ੀਕੇਸ਼ ਦੇਸ਼ਮੁੱਖ (ਅਨਿਲ ਦੇਸ਼ਮੁੱਖ ਦਾ ਬੇੇਟਾ) ਦੇ ਨਿਰਦੇਸ਼ਾਂ ’ਤੇ ਦੇਸ਼ਮੁੱਖ ਨੇ ਇਹ ਰਾਸ਼ੀ ‘ਹਵਾਲਾ’ ਰਾਹੀਂ ਸੁਰੇਂਦਰ ਜੈਨ ਅਤੇ ਵੀਰੇਂਦਰ ਜੈਨ, ਜਿਹੜੇ ਕੇਸ ਇਸ ਵਿੱਚ ਮੁਲਜ਼ਮ ਹਨ, ਨੂੰ ਟਰਾਂਸਫਰ ਕਰ ਦਿੱਤੀ। ਅਦਾਲਤ ਨੇ ਕਿਹਾ, ‘ਬਾਅਦ ਵਿੱਚ ਇਹ ਰਕਮ ਫਰਜ਼ੀ ਕੰਪਨੀਆਂ ਰਾਹੀਂ ਦੇਸ਼ਮੁੱਖ ਦੀ ਮਾਲਕੀ ਵਾਲੀ ‘ਸ੍ਰੀ ਸਾਈਂ ਸਿਖਸ਼ਨ ਸੰਸਥਾ’ ਦੇ ਖਾਤੇ ਵਿੱਚ ਭੇਜ ਦਿੱਤੀ ਗਈ।’ ਅਦਾਲਤ ਨੇ ਕਿਹਾ ਕਿ ਮੁਲਜ਼ਮ ਖ਼ਿਲਾਫ਼ ਹਵਾਲਾ ਰਾਸ਼ੀ ਰੋਕੂ ਐਕਟ (ਪੀਐੱਮਐੱਲਏ) ਤਹਿਤ ਕੇਸ ਚਲਾਉਣ ਲਈ ਪਹਿਲੀ ਨਜ਼ਰੇ ਕਾਫੀ ਸਬੂਤ ਮੌਜੂਦ ਹਨ। ਜ਼ਿਕਰਯੋਗ ਹੈ ਕਿ ਸਚਿਨ ਵਾਜ਼ੇ, ਜੋ ਪਹਿਲਾਂ ਮੁੰਬਈ ਪੁਲੀਸ ਵਿੱਚ ਸਹਾਇਕ ਇੰਸਪੈਕਟਰ ਸੀ, ਨੂੰ ਇਸੇ ਵਰ੍ਹੇ ਫਰਵਰੀ ਮਹੀਨੇ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਘਰ ਨੇੜਿਓਂ ਧਮਾਕਾਖੇਜ਼ ਸਮੱਗਰੀ ਨਾਲ ਭਰੀ ਇੱਕ ਐੱਸਯੂੁਵੀ ਗੱਡੀ ਮਿਲਣ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। -ਪੀਟੀਆਈ