ਸ਼ਿਮਲਾ (ਟ੍ਰਿਬਿਊਨ ਨਿਊਜ਼ ਸਰਵਿਸ): ਹਿਮਾਚਲ ਪ੍ਰਦੇਸ਼ ਪੁਲੀਸ ਨੇ ਫਿਲਮ ਅਦਾਕਾਰ ਅਮਿਤਾਭ ਬੱਚਨ ਅਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਮ ’ਤੇ ਫ਼ਰਜ਼ੀ ਈ-ਪਾਸ ਬਣਵਾਉਣ ਵਾਲਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਟਵਿੱਟਰ ’ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸ਼ਿਮਲਾ ਵਿੱਚ ਇਸ ਸਬੰਧੀ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਅਤੇ ਆਈਟੀ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਫ਼ਰਜ਼ੀ ਰਜਿਸਟ੍ਰੇਸ਼ਨ ਕਰਵਾਉਣ ਦੀ ਸ਼ਿਕਾਇਤ ਸੂਬਾ ਸਰਕਾਰ ਦੇ ਈ-ਪਾਸ ਪਲੈਟਫਾਰਮ ’ਤੇ ਕੀਤੀ ਗਈ ਸੀ। ਦੋਵੇਂ ਪਾਸ ਜ਼ਰੂਰੀ ਵਸਤਾਂ ਸਪਲਾਈ ਕਰਵਾਉਣ ਦੀ ਸ਼੍ਰੇਣੀ ਵਿੱਚ ਬਣਵਾਏ ਗਏ ਹਨ। ਦਿਲਚਸਪ ਗੱਲ ਇਹ ਹੈ ਕਿ ਦੋਹਾਂ ਈ-ਪਾਸਾਂ ਦੇ ਆਧਾਰ ਨੰਬਰ ਅਤੇ ਮੋਬਾਈਲ ਨੰਬਰ ਇੱਕੋ ਹਨ। ਡੋਨਲਡ ਟਰੰਪ ਦਾ ਪਾਸ ਚੰਡੀਗੜ੍ਹ ਦੇ ਸੈਕਟਰ-17 ਤੋਂ ਬਣਿਆ ਹੋਇਆ ਹੈ। ਵਿਰੋਧੀ ਧਿਰਾਂ ਦੇ ਆਗੂ ਇਨ੍ਹਾਂ ਪਾਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰ ਰਹੇ ਹਨ ਅਤੇ ਸਬੰਧਤ ਅਥਾਰਟੀਆਂ ਦੇ ਅਧਿਕਾਰੀਆਂ ਦੀ ਲਾਪ੍ਰਵਾਹੀ ਤੇ ਤਸਦੀਕ ਕਰਨ ਦੀ ਅਢੁਕਵੀਂ ਵਿਧੀ ਦੇ ਨਾਲ ਨਾਲ ਸਰਕਾਰ ’ਤੇ ਸਵਾਲ ਖੜ੍ਹੇ ਕਰ ਰਹੇ ਹਨ। ਹਾਲਾਂਕਿ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਈ-ਕੋਵਿਡ ਪਾਸ ਵਿਧੀ ਲੋਕਾਂ ਦੀ ਸਹੂਲਤ ਲਈ ਬਣਾਈ ਗਈ ਹੈ ਤੇ ਸਿਸਟਮ ਪਾਸ ਨੂੰ ਆਪਣੇ ਆਪ ਮਨਜ਼ੂਰ ਕਰਦਾ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।