ਨਵੀਂ ਦਿੱਲੀ, 3 ਜਨਵਰੀ
ਪਿਛਲੇ ਹਫ਼ਤੇ ਚਾਰ ਜੱਜਾਂ ਦੀ ਤਰੱਕੀ ਮਗਰੋਂ ਹੁਣ ਮੁਲਕ ਦੇ 25 ਹਾਈ ਕੋਰਟਾਂ ’ਚੋਂ 24 ’ਚ ਨਿਯਮਤ ਚੀਫ਼ ਜਸਟਿਸ ਤਾਇਨਾਤ ਹਨ। ਸੁਪਰੀਮ ਕੋਰਟ ਕੌਲਿਜੀਅਮ ਨੇ ਹੁਣੇ ਜਿਹੇ ਵੱਖ ਵੱਖ ਹਾਈ ਕੋਰਟਾਂ ’ਚ ਪੰਜ ਜੱਜਾਂ ਨੂੰ ਚੀਫ਼ ਜਸਟਿਸ ਬਣਾਏ ਜਾਣ ਦੀ ਸਿਫ਼ਾਰਸ਼ ਕੀਤੀ ਸੀ। ਸਰਕਾਰੀ ਸੂਤਰਾਂ ਨੇ ਕਿਹਾ ਕਿ ਚਾਰ ਜੱਜਾਂ ਨੂੰ ਤਾਂ ਤਰੱਕੀ ਦੇ ਦਿੱਤੀ ਗਈ ਸੀ ਪਰ ਜਸਟਿਸ ਸੁਧਾਂਸ਼ੂ ਧੂਲੀਆ, ਜਿਨ੍ਹਾਂ ਨੂੰ ਗੁਹਾਟੀ ਹਾਈ ਕੋਰਟ ਦਾ ਚੀਫ਼ ਜਸਟਿਸ ਲਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ, ਦੀ ਫਾਈਲ ਅਜੇ ਪ੍ਰਕਿਰਿਆ ਅਧੀਨ ਹੈ ਅਤੇ ਉਨ੍ਹਾਂ ਬਾਰੇ ਫ਼ੈਸਲਾ ਹਫ਼ਤੇ ਦੇ ਅਖੀਰ ਤੱਕ ਲਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਕੁਝ ਹਾਈ ਕੋਰਟਾਂ ’ਚ ਕਾਰਜਕਾਰੀ ਚੀਫ਼ ਜਸਟਿਸ ਸੇਵਾਵਾਂ ਨਿਭਾਅ ਰਹੇ ਸਨ। ਪੰਜਾਬ ਹਰਿਆਣਾ ਹਾਈ ਕੋਰਟ ਦੇ ਜਸਟਿਸ ਐੱਸ ਮੁਰਲੀਧਰ ਨੂੰ ਤਰੱਕੀ ਦੇ ਕੇ ਉੜੀਸਾ ਹਾਈ ਕੋਰਟ ਦਾ ਚੀਫ਼ ਜਸਟਿਸ ਬਣਾਇਆ ਗਿਆ ਹੈ। ਉਧਰ ਸੁਪਰੀਮ ਕੋਰਟ ’ਚ ਚਾਰ ਅਹੁਦੇ ਖਾਲੀ ਹਨ ਅਤੇ ਕਾਨੂੰਨ ਮੰਤਰਾਲੇ ਨੂੰ ਅਜੇ ਤੱਕ ਇਨ੍ਹਾਂ ਬਾਰੇ ਕੌਲਿਜੀਅਮ ਤੋਂ ਸਿਫਾਰਸ਼ ਨਹੀਂ ਮਿਲੀ ਹੈ। -ਪੀਟੀਆਈ