ਵਾਸ਼ਿੰਗਟਨ, 6 ਜੁਲਾਈ
ਅਮਰੀਕੀ ਸਰਕਾਰ ਨੇ ਕੈਲੀਫੋਰਨੀਆ ਦੀ ਅਦਾਲਤ ਨੂੰ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਰਾਣਾ ਵੱਲੋਂ ਪਟੀਸ਼ਨ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ ਅਤੇ ਦੁਹਰਾਇਆ ਹੈ ਕਿ ਉਸ ਨੂੰ ਭਾਰਤ ਹਵਾਲੇ ਕੀਤਾ ਜਾਣਾ ਚਾਹੀਦਾ ਹੈ, ਜਿੱਥੇ ਉਹ 2008 ਦੇ ਮੁੰਬਈ ਅਤਿਵਾਦੀ ਹਮਲਿਆਂ ਲਈ ਲੋੜੀਂਦਾ ਹੈ। ਅਮਰੀਕਾ ਦੀ ਅਦਾਲਤ ਨੇ ਮਈ ਵਿੱਚ 62 ਸਾਲਾ ਰਾਣਾ ਦੀ ਭਾਰਤ ਹਵਾਲਗੀ ਨੂੰ ਮਨਜ਼ੂਰੀ ਦਿੱਤੀ ਸੀ। ਰਾਣਾ ਇਸ ਸਮੇਂ ਲਾਸ ਏਂਜਲਸ ਦੇ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ ਵਿੱਚ ਹੈ। ਭਾਰਤ ਨੇ 10 ਜੂਨ 2020 ਨੂੰ ਹਵਾਲਗੀ ਲਈ ਰਾਣਾ ਦੀ ਗ੍ਰਿਫਤਾਰੀ ਦੀ ਮੰਗ ਕਰਨ ਲਈ ਸ਼ਿਕਾਇਤ ਦਰਜ ਕਰਵਾਈ ਸੀ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਨੇ ਰਾਣਾ ਦੀ ਭਾਰਤ ਹਵਾਲਗੀ ਦਾ ਸਮਰਥਨ ਕੀਤਾ ਅਤੇ ਮਨਜ਼ੂਰੀ ਦਿੱਤੀ ਸੀ।