ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਜਨਵਰੀ
ਬੁੱਧੀਜੀਵੀ ਪ੍ਰੋਫੈਸਰ ਸੁਰਜੀਤ ਹਾਂਸ ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਦੀ ਆਖ਼ਰੀ ਸਾਹਿਤਕ ਰਚਨਾ, ਕਵਿਤਾਵਾਂ ਦਾ ਇਕ ਸੰਗ੍ਰਹਿ ‘ਮ੍ਰਿਤ ਦਾ ਸੁਪਨਾ’ ਰਿਲੀਜ਼ ਕੀਤੀ ਗਈ।
ਇਸ ਦੌਰਾਨ ਪ੍ਰੋਫੈਸਰ ਹਾਂਸ ਨੂੰ ਯਾਦ ਕਰਦਿਆਂ ਹਿੰਦੀ ਦੇ ਲੇਖਕ ਮਾਧਵ ਕੌਸ਼ਿਕ ਨੇ ਕਿਹਾ ਕਿ ਪ੍ਰੋ. ਹਾਂਸ ਦੇ ਪੰਜਾਬੀ ਸਾਹਿਤ ਵਿੱਚ ਯੋਗਦਾਨ ਦਾ ਅਸਲ ਮੁਲਾਂਕਣ ਕੀਤਾ ਜਾਣਾ ਅਜੇ ਬਾਕੀ ਹੈ। ਉਨ੍ਹਾਂ ਕਿਹਾ ਕਿ ਇਕ ਲੇਖਕ ਹੋਣ ਦਾ ਇਕ ਫ਼ਾਇਦਾ ਇਹ ਹੈ ਕਿ ਉਹ ਹਰੇਕ ਅਨਿਆਂਪੂਰਨ ਕਾਰਵਾਈ ’ਤੇ ਤੁਰੰਤ ਆਪਣਾ ਫ਼ੈਸਲਾ ਸੁਣਾ ਸਕਦਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਹਾਂਸ ਦੇ ਨਾਲ ਕੰਮ ਕਰ ਚੁੱਕੇ ਪ੍ਰੋਫੈਸਰ ਹਰੀਸ਼ ਪੁਰੀ ਨੇ ਕਿਹਾ ਕਿ ਪ੍ਰੋਫੈਸਰ ਹਾਂਸ ਕਿਸੇ ਵੀ ਗੁੰਝਲਦਾਰ ਮਸਲੇ ਦਾ ਸਾਰ ਤੱਤ ਇਕ ਜਾਂ ਦੋ ਸ਼ਬਦਾਂ ਵਿੱਚ ਹੀ ਕੱਢ ਦਿੰਦੇ ਸਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੀ ਜਸਵੀਰ ਕੌਰ ਨੇ ਕਿਹਾ ਕਿ ਪ੍ਰੋ. ਹਾਂਸ ਹਮੇਸ਼ਾ ਨੌਜਵਾਨਾਂ ਨੂੰ ਦੁਨੀਆ ਦਾ ਸਾਹਿਤ ਪੜ੍ਹਨ ਲਈ ਪ੍ਰੇਰਦੇ ਸਨ।
ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸਵਰਾਜਬੀਰ ਨੇ ਚੇਤੇ ਕੀਤਾ ਕਿ ਕਿਵੇਂ ਪ੍ਰੋ. ਹਾਂਸ ਨੇ ਉਨ੍ਹਾਂ ਨੂੰ ਕਵਿਤਾ ਤੋਂ ਨਾਟਕ ਲਿਖਣ ਵੱਲ ਤਬਦੀਲ ਹੋਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ, ‘‘ਸ਼ਾਇਦ ਪ੍ਰੋ. ਹਾਂਸ ਇਕੱਲੇ ਅਜਿਹੇ ਵਿਅਕਤੀ ਹਨ ਜਿਨ੍ਹਾਂ ਨੇ ਸਵੈ-ਜੀਵਨੀ ਵੀ ਮਜ਼ਾਕ ’ਚ ਲਿਖੀ। ਉਨ੍ਹਾਂ ਆਪਣੀ ਆਖ਼ਰੀ ਕਿਤਾਬ ’ਚ ਆਪਣੀ ਮੌਤ ਦੀ ਕਲਪਨਾ ਕੀਤੀ। ਉਨ੍ਹਾਂ ਦੀਆਂ ਕਿਤਾਬਾਂ ਤੇ ਲਿਖਤਾਂ ਨੂੰ ਵਾਰ-ਵਾਰ ਪੜ੍ਹਨ ਦੀ ਲੋੜ ਹੈ।’’ ਪੰਜਾਬੀ ਲੇਖਕ ਤੇ ਪ੍ਰੋ. ਹਾਂਸ ਦੇ ਨੇੜਲੇ ਮਿੱਤਰ ਗੁਲਜ਼ਾਰ ਸਿੰਘ ਸੰਧੂ ਨੇ ਕਿਹਾ, ‘‘ਉਹ ਐਨਸਾਈਕਲੋਪੀਡੀਆ ਵਾਂਗ ਸਨ। ਮੈਂ ਹਮੇਸ਼ਾ ਐਨਸਾਈਕਲੋਪੀਡੀਆ ਦੇਖਣ ਦੀ ਥਾਂ ਉਨ੍ਹਾਂ ਨਾਲ ਸੰਪਰਕ ਕਰਦਾ ਸੀ।’’ ਕੌਮੀ ਸਿਹਤ ਮਿਸ਼ਨ ਦੀ ਡਾਇਰੈਕਟਰ ਡਾ. ਅਰੀਤ ਕੌਰ ਨੇ ਕਿਹਾ, ‘‘ਪ੍ਰੋ. ਹਾਂਸ ਦੀਆਂ ਰਚਨਾਵਾਂ ਸਦੀਵੀਂ ਹਨ। ਉਨ੍ਹਾਂ ਦੀ ਪੀੜ੍ਹੀ ਮਿਹਨਤੀ ਸੀ।’’ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਇਤਿਹਾਸ ਵਿਭਾਗ ਦੀ ਮੁਖੀ ਤੇ ਪ੍ਰੋ. ਹਾਂਸ ਦੀ ਵਿਦਿਆਰਥਣ ਰਹੀ ਅਮਰਜੀਤ ਕੌਰ ਨੇ ਕਿਹਾ ਕਿ ਪ੍ਰੋ. ਹਾਂਸ ਕਦੇ ਵੀ ਆਪਣੇ ਮੇਜ਼ ’ਤੇ ਡਿਕਸ਼ਨਰੀ ਨਹੀਂ ਸਨ ਰੱਖਦੇ, ਬਲਕਿ ਹਰੇਕ ਸ਼ਬਦ ਦਾ ਮਤਲਬ ਦੇਖਣ ਲਈ ਲਾਇਬ੍ਰੇਰੀ ਜਾਂਦੇ ਸਨ। ਪੱਤਰਕਾਰ ਨਿਰੂਪਮਾ ਦੱਤ ਨੇ ਕਿਹਾ ਕਿ ਪ੍ਰੋ. ਹਾਂਸ ਆਪਣੇ ਪਿੱਛੇ ਚੰਗੀਆਂ ਯਾਦਾਂ ਛੱਡ ਗਏ ਹਨ।