ਨਵੀਂ ਦਿੱਲੀ, 13 ਅਪਰੈਲ
ਇੱਕ ਨਵੀਂ ਪੁਸਤਕ ’ਚ ਖੋਜ ਤੇ ਵਿਸ਼ਲੇਸ਼ਣ ਵਿੰਗ (ਰਾਅ) ਦੇ ਸ਼ੁਰੂ ਹੋਣ ਦੀ ਜਾਣਕਾਰੀ ਦੇਣ ਦੇ ਨਾਲ ਹੀ 1971 ’ਚ ਬੰਗਲਾਦੇਸ਼ ਨੂੰ ਆਜ਼ਾਦੀ ਦਿਵਾਉਣ ’ਚ ਭਾਰਤ ਦੀ ਮਦਦ ਕਰਨ ’ਚ ਇਸ ਦੇ ਬਾਨੀ ਦਿੱਗਜ਼ ਜਾਸੂਸ ਆਰਐੱਨ ਕਾਓ ਦੀ ਅਹਿਮ ਭੂਮਿਕਾ ਬਾਰੇ ਨੇੜਿਓਂ ਜਾਣਕਾਰੀ ਦਿੱਤੀ ਗਈ ਹੈ। ਗੋਲਡਨ ਪੈਨ ਨਾਲ ਮਿਲ ਕੇ ਵੈਸਟਲੈਂਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਇਹ ਪੁਸਤਕ ‘ਦਿ ਵਾਰ ਦੈਟ ਮੇਡ ਆਰ ਐਂਡ ਡਬਲਿਊ’ ਫਿਲਮਸਾਜ਼ ਤੇ ਲੇਖਕਾਂ ਅਨੁਸ਼ਕਾ ਨੰਦ ਕੁਮਾਰ ਤੇ ਸੰਦੀਪ ਸਾਕੇਤ ਨੇ ਲਿਖੀ ਹੈ। ਇਹ ਪੁਸਤਕ ਬੀਤੇ ਦਿਨ ਰਿਲੀਜ਼ ਕੀਤੀ ਗਈ। ਲੇਖਕਾਂ ਨੇ ਕਿਤਾਬ ਬਾਰੇ ਕਿਹਾ, ‘ਬਤੌਰ ਫਿਲਮਸਾਜ਼ ਸਾਨੂੰ ਕਿਸੇ ਵੀ ਕਹਾਣੀ ਜਾਂ ਸਿਨੇਮਾ ਸੰਸਾਰ ’ਚ ਕਿਸੇ ਨਾਇਕ ਦੀ ਭਾਲ ਹੁੰਦੀ ਹੈ। ਸਾਨੂੰ ਆਰਐੱਨ ਕਾਓ ਦੇ ਰੂਪ ’ਚ ਉਹ ਨਾਇਕ ਮਿਲਿਆ ਹੈ। ਸਾਡੇ ਲਈ ਇਤਿਹਾਸ ਦਾ ਇਹ ਹਿੱਸਾ ਬੇਹੱਦ ਤਸੱਲੀ ਦੇਣ ਵਾਲੀ ਕਹਾਣੀ ਹੈ।’ ਖੁਫੀਆ ਵਿਭਾਗ (ਆਈਬੀ) ਦੇ ਉਪ ਡਾਇਰੈਕਟਰ ਕਾਓ ਨੇ 1968 ’ਚ ਰਾਅ ਦੇ ਡਾਇਰੈਕਟਰ ਦਾ ਅਹੁਦਾ ਸੰਭਾਲਿਆ ਸੀ ਜਦੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕੌਮਾਂਤਰੀ ਖਤਰਿਆਂ ’ਤੇ ਕੇਂਦਰਿਤ ਇੱਕ ਖੁਫੀਆ ਏਜੰਸੀ ਬਣਾਉਣ ਲਈ ਆਈਬੀ ਨੂੰ ਦੋ ਹਿੱਸਿਆਂ ’ਚ ਤੋੜ ਦਿੱਤਾ ਸੀ। ਕਾਓ ਦਾ ਇੱਕ ਹੀ ਟੀਚਾ ਅਜਿਹੀ ਖੁਫੀਆ ਏਜੰਸੀ ਬਣਾਉਣਾ ਸੀ ਜੋ ਭਾਰਤ ਦੀ ਸੁਰੱਖਿਆ ਤੇ ਖੁਦਮੁਖਤਿਆਰੀ ਨੂੰ ਯਕੀਨੀ ਬਣਾਏ। -ਪੀਟੀਆਈ