ਨਵੀਂ ਦਿੱਲੀ, 29 ਅਗਸਤ
ਦੇਸ਼ ਦੀ ਸਭ ਤੋਂ ਵੱਡੀ ਪ੍ਰਚੂਨ ਕਾਰੋਬਾਰੀ ਕੰਪਨੀ ਰਿਲਾਇੰਸ ਇੰਡਸਟਰੀਜ਼ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ ਇਸ ਵਰ੍ਹੇ ਆਪਣੀ ਵਿਸਥਾਰ ਯੋਜਨਾ ਤਹਿਤ ਖਪਤਕਾਰ ਵਸਤਾਂ (ਐਫਐਮਸੀਜੀ) ਦੇ ਕਾਰੋਬਾਰ ਦਾ ਖੇਤਰ ਵਧਾਉਣ ਦੇ ਨਾਲ ਨਾਲ ਆਪਣੇ ਉਤਪਾਦ ਬਾਜ਼ਾਰ ਵਿਚ ਪੇਸ਼ ਕਰੇਗੀ।
ਰਿਲਾਇੰਸ ਇੰਡਸਟਰੀਜ਼ ਦੇ ਅੱਜ ਹੋਏ 45ਵੇਂ ਸਾਲਾਨਾ ਇਜਲਾਸ ਨੂੰ ਸੰਬੋਧਨ ਕਰਦਿਆਂ ਰਿਲਾਇੰਸ ਰਿਟੇਲ ਵੈਂਚਰਸ ਲਿਮਟਿਡ ਦੀ ਡਾਇਰੈਕਟਰ ਈਸ਼ਾ ਅੰਬਾਨੀ ਨੇ ਕਿਹਾ, ‘‘ਇਸ ਸਾਲ, ਅਸੀਂ ਐਫਐਮਸੀਜੀ ਦਾ ਆਪਣਾ ਕਾਰੋਬਾਰ ਸ਼ੁਰੂ ਕਰਾਂਗੇ।’’ ਉਨ੍ਹਾਂ ਕਿਹਾ ਕਿ ਇਸ ਕਾਰੋਬਾਰ ਦਾ ਉਦੇਸ਼ ਉੱਚ ਗੁਣਵੱਤਾ ਵਾਲੇ ਉਤਪਾਦ ਤਿਆਰ ਕਰਨਾ, ਉਨ੍ਹਾਂ ਦੀ ਸਪਲਾਈ ਕਰਨਾ ਅਤੇ ਉਨ੍ਹਾਂ ਨੂੰ ਕਿਫਾਇਤੀ ਕੀਮਤ ’ਤੇ ਮੁਹੱਈਆ ਕਰਵਾ ਕੇ ਹਰ ਭਾਰਤੀ ਦੀਆਂ ਰੋਜ਼ਾਨਾ ਲੋੜਾਂ ਨੂੰ ਪੂਰਾ ਕਰਨਾ ਹੋਵੇਗਾ।’’ ਈਸ਼ਾ ਅੰਬਾਨੀ ਨੇ ਕਿਹਾ, ‘‘ਸਾਲ 2022 ਵਿੱਚ ਰਿਲਾਇੰਸ ਰਿਟੇਲ ਨੇ ਘਰ ਨਾਲ ਜੁੜੇ ਸਾਮਾਨ, ਨਿੱਜੀ ਦੇਖਭਾਲ ਅਤੇ ਆਮ ਵਪਾਰਕ ਵਰਗਾਂ ਵਿੱਚ ਕਈ ਨਵੇਂ ਉਤਪਾਦ ਲਾਂਚ ਕਰਕੇ ਆਪਣੇ ਖੁਦ ਦੇ ਬ੍ਰਾਂਡਾਂ ਦੀ ਮੌਜੂਦਗੀ ਨੂੰ ਮਜ਼ਬੂਤ ਕੀਤਾ ਹੈ।’’ ਮੁਲਕ ਵਿੱਚ ਖਪਤਕਾਰ ਵਸਤਾਂ ਦਾ ਬਾਜ਼ਾਰ 100 ਅਰਬ ਡਾਲਰ ਤੋਂ ਵੱਧ ਦਾ ਹੈ, ਜਿਸ ’ਤੇ ਵੱਡੇ ਅਦਾਰਿਆਂ ਜਿਵੇਂ ਐਚਯੂਐਲ, ਰੈਕਿਟ, ਪੀਐਂਡਜੀ, ਨੇੈਸਲੇ ਤੇ ਭਾਰਤੀ ਕੰਪਨੀਆਂ ਜਿਵੇਂ ਡਾਬਰ, ਇਮਾਮੀ ਅਤੇ ਮੈਰੀਕੋ ਵਰਗੀਆਂ ਘਰੇਲੂ ਕੰਪਨੀਆਂ ਦਾ ਦਬਦਬਾ ਹੈ। ਇਹ ਹੁਣ ਅਡਾਨੀ ਵਿਲਮਾਰ ਅਤੇ ਹੋਰਨਾਂ ਖਪਤਕਾਰ ਕੰਪਨੀਆਂ ਨਾਲ ਮੁਕਾਬਲਾ ਕਰਨਗੀਆਂ। ਉਨ੍ਹਾਂ ਕਿਹਾ, ‘‘ਰਿਲਾਇੰਸ ਰਿਟੇਲ ਹਰ ਮਹੀਨੇ ਡੇਢ ਲੱਖ ਦੇ ਕਰੀਬ ਭਾਈਵਾਲ ਬਣਾ ਰਹੀ ਹੈ। ਅਸੀਂ ਇਕ ਕਰੋੜ ਕਾਰੋਬਾਰੀਆਂ ਨਾਲ ਭਾਈਵਾਲੀ ਕਰਨ ਦੇ ਰਾਹ ‘ਤੇ ਹਾਂ। ਅਸੀਂ ਅਗਲੇ ਪੰਜ ਸਾਲਾਂ ਵਿੱਚ 7,500 ਤੋਂ ਵੱਧ ਸ਼ਹਿਰਾਂ ਅਤੇ 5 ਲੱਖ ਪਿੰਡਾਂ ਤਕ ਪਹੁੰਚ ਕੇ ਮੁਲਕ ਵਿੱਚ ਆਪਣੀ ਮੌਜੂਦਗੀ ਵਧਾਉਣ ਵਲ ਵਧ ਰਹੇ ਹਾਂ। -ਏਜੰਸੀ