ਨਵੀਂ ਦਿੱਲੀ, 23 ਸਤੰਬਰ
ਸੁਪਰੀਮ ਕੋਰਟ ਨੇ ਸਾਬਕਾ ਭਾਜਪਾ ਤਰਜਮਾਨ ਨੂਪੁਰ ਸ਼ਰਮਾ ਵੱਲੋਂ ਟੀਵੀ ਡਬਿੇਟ ਦੌਰਾਨ ਪੈਗੰਬਰ ਮੁਹੰਮਦ ਖਿਲਾਫ਼ ਕੀਤੀਆਂ ਵਿਵਾਦਿਤ ਟਿੱਪਣੀਆਂ ਮਾਮਲੇ ਵਿੱਚ ਡਬਿੇਟ ਦੀ ਮੇਜ਼ਬਾਨ ਤੇ ਪੱਤਰਕਾਰ ਨਵਿਕਾ ਕੁਮਾਰ ਖਿਲਾਫ਼ ਦਰਜ ਸਾਰੇ ਕੇਸ ਇਕੱਠਿਆਂ ਕਰਕੇ ਦਿੱਲੀ ਪੁਲੀਸ ਨੂੰ ਤਬਦੀਲ ਕਰ ਦਿੱਤੇ ਹਨ। ਜਸਟਿਸ ਐੱਮ.ਆਰ.ਸ਼ਾਹ ਤੇ ਜਸਟਿਸ ਕ੍ਰਿਸ਼ਨ ਮੁਰਾਰੀ ’ਤੇ ਆਧਾਰਿਤ ਬੈਂਚ ਨੇ ਕਿਹਾ ਕਿ ਕੁਮਾਰ ਖਿਲਾਫ਼ ਅਗਲੇ ਅੱਠ ਹਫ਼ਤਿਆਂ ਤੱਕ ਕੋਈ ਕਾਰਵਾਈ ਨਾ ਕੀਤੀ ਜਾਵੇ ਤਾਂ ਕਿ ਉਹ ਅੰਤਰਿਮ ਰਾਹਤ ਦੇ ਇਸ ਅਰਸੇ ਦੌਰਾਨ ਉਸ ਕੋਲ ਉਪਲਬਧ ਵਿਕਲਪਾਂ ਦੀ ਵਰਤੋਂ ਕਰ ਸਕੇ। ਇਸ ਦੇ ਨਾਲ ਹੀ ਸਿਖਰਲੀ ਕੋਰਟ ਨੇ ਕੁਮਾਰ ਨੂੰ ਉਸ ਖਿਲਾਫ਼ ਦਰਜ ਮੁੱਖ ਐੱਫਆਈਆਰ ਰੱਦ ਕਰਵਾਉਣ ਲਈ ਦਿੱਲੀ ਹਾਈ ਕੋਰਟ ਦਾ ਰੁਖ਼ ਕਰਨ ਦੀ ਖੁੱਲ੍ਹ ਵੀ ਦੇ ਦਿੱਤੀ। ਸੁਪਰੀਮ ਕੋਰਟ ਨੇ ਕਿਹਾ ਕਿ ਕੁਮਾਰ ਖਿਲਾਫ਼ ਭਵਿੱਖ ’ਚ ਦਰਜ ਹੋਣ ਵਾਲੀ ਕੋਈ ਵੀ ਐੱਫਆਈਆਰ ਦਿੱਲੀ ਪੁਲੀਸ ਨੂੰ ਤਬਦੀਲ ਕੀਤੀ ਜਾਵੇ। ਬੈਂਚ ਨੇ ਕਿਹਾ, ‘‘ਪਟੀਸ਼ਨਰ ਨੂੰ ਐੱਫਆਈਆਰ’ਜ਼ ਰੱਦ ਕਰਵਾਉਣ ਲਈ ਦਿੱਲੀ ਹਾਈ ਕੋਰਟ ਜਾਣ ਦੀ ਪੂਰੀ ਖੁੱਲ੍ਹ ਰਹੇਗੀ। ਅਸੀਂ ਕੋਈ ਵੀ ਰਾਏ ਗੁਣ-ਦੋਸ਼ਾਂ ਦੇ ਆਧਾਰ ’ਤੇ ਜ਼ਾਹਿਰ ਨਹੀਂ ਕੀਤੀ।’’ ਦਿੱਲੀ ਪੁਲੀਸ ਦੀ ਇੰਟੈਲੀਜੈਂਸ ਫਿਊਜ਼ਨ ਤੇ ਸਟਰੈਟੇਜਿਕ ਅਪਰੇਸ਼ਨਜ਼ ਇਕਾਈ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਸਿਖਰਲੀ ਕੋਰਟ ਨੇ 8 ਅਗਸਤ ਨੂੰ ਕੁਮਾਰ ਦੀ ਪਟੀਸ਼ਨ ’ਤੇ ਉਸ ਨੂੰ ਗ੍ਰਿਫ਼ਤਾਰੀ ਤੋਂ ਅੰਤਿਮ ਰਾਹਤ ਦਿੰਦਿਆਂ ਕੇਂਦਰ , ਪੱਛਮੀ ਬੰਗਾਲ ਸਰਕਾਰ ਤੇ ਹੋਰਨਾਂ ਨੂੰ ਨੋਟਿਸ ਜਾਰੀ ਕੀਤਾ ਸੀ। -ਪੀਟੀਆਈ